ਦਿੱਲੀ ‘ਚ ਕਾਂਗਰਸ ਦਾ ਮੰਥਨ: ਪੰਜਾਬ ਦੇ ਨੇਤਾਵਾਂ ਤੋਂ ਫੀਡਬੈਕ ਲੈਣਗੇ ਆਬਜ਼ਰਵਰ, 3 ਦਿਨ ਚੱਲਣਗੀਆਂ ਮੀਟਿੰਗਾਂ
ਦਿੱਲੀ ਵਿੱਚ ਅੱਜ (16 ਜੂਨ) ਕਾਂਗਰਸ ਹਾਈਕਮਾਂਡ ਪੰਜਾਬ ਨੂੰ ਲੈ ਕੇ ਅਗਲੀ ਰਣਨੀਤੀ ਤਿਆਰ ਕਰੇਗੀ। ਪਾਰਟੀ ਵੱਲੋਂ ਤਾਇਨਾਤ ਕੀਤੇ ਗਏ ਤਿੰਨੇ ਆਬਜ਼ਰਵਰ ਪੰਜਾਬ ਦੇ ਨੇਤਾਵਾਂ ਨਾਲ ਮੁਲਾਕਾਤ ਕਰਕੇ ਫੀਡਬੈਕ ਲੈਣਗੇ, ਜਿਸ ਤੋਂ ਬਾਅਦ ਉਹ ਆਪਣੀ ਰਿਪੋਰਟ ਹਾਈਕਮਾਂਡ ਨੂੰ ਸੌਂਪਣਗੇ।
ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਢਿੱਲ ਦੇਣ ਦੇ ਮੂਡ ਵਿੱਚ ਨਹੀਂ ਹੈ। ਅਜਿਹੇ ਵਿੱਚ ਪਹਿਲਾਂ ਤੋਂ ਚੱਲ ਰਹੀਆਂ ਚਰਚਾਵਾਂ, ਜਿਨ੍ਹਾਂ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਤੋਂ ਲੈ ਕੇ ਸੀ.ਐੱਲ.ਪੀ. (CLP) ਨੇਤਾ ਤੱਕ ਬਦਲੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ, ਇਹ ਫੀਡਬੈਕ ਰਿਪੋਰਟ ਇਸ ਮਾਮਲੇ ਨੂੰ ਹੋਰ ਵੀ ਅਹਿਮ ਬਣਾ ਦਿੰਦੀ ਹੈ।
ਇਸ ਲਈ ਗਠਿਤ ਕੀਤਾ ਆਬਜ਼ਰਵਰ
ਪੰਜਾਬ ਕਾਂਗਰਸ ਵਿੱਚ ਸੂਬਾ ਇਕਾਈ ਦੇ ਅੰਦਰ ਚੱਲ ਰਹੀ ਗੁੱਟਬੰਦੀ ਨੂੰ ਖਤਮ ਕਰਨ ਲਈ ਕਾਂਗਰਸ ਹਾਈਕਮਾਂਡ ਨੇ 11 ਜੂਨ ਨੂੰ ਵੱਡਾ ਕਦਮ ਚੁੱਕਿਆ ਸੀ। ਪਾਰਟੀ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਨੇਤਾ ਪ੍ਰਤੀਪੱਖ ਰਾਹੁਲ ਗਾਂਧੀ ਨੇ ਪੰਜਾਬ ਦੇ ਸੀਨੀਅਰ ਨੇਤਾਵਾਂ ਨਾਲ ਮੀਟਿੰਗ ਤੋਂ ਬਾਅਦ ਅਜੈ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਨੂੰ ਪੰਜਾਬ ਦਾ ਆਬਜ਼ਰਵਰ ਨਿਯੁਕਤ ਕੀਤਾ ਸੀ। ਨਾਲ ਹੀ ਇਹ ਤੈਅ ਕੀਤਾ ਗਿਆ ਸੀ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਨੇਤਾਵਾਂ ਤੋਂ ਫੀਡਬੈਕ ਲਿਆ ਜਾਵੇਗਾ, ਜਿਸ ਦੇ ਆਧਾਰ 'ਤੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਹੁਣ ਇਸ ਤਰ੍ਹਾਂ ਲਿਆ ਜਾਵੇਗਾ ਫੀਡਬੈਕ
ਇਸੇ ਸਿਲਸਿਲੇ ਵਿੱਚ ਤਿੰਨ ਮੈਂਬਰੀ ਪੈਨਲ ਨੇ ਦਿੱਲੀ ਵਿੱਚ ਸੰਸਦ ਮੈਂਬਰਾਂ, ਮੌਜੂਦਾ ਅਤੇ ਸਾਬਕਾ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਤਿੰਨ ਦਿਨਾਂ ਦੀਆਂ 'ਵਨ-ਟੂ-ਵਨ' (ਆਹਮੋ-ਸਾਹਮਣੇ) ਮੀਟਿੰਗਾਂ ਅਤੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਪਹਿਲੇ ਪੜਾਅ ਵਿੱਚ ਸੱਤ ਸੰਸਦ ਮੈਂਬਰਾਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਗੱਲਬਾਤ ਕੀਤੀ ਜਾਵੇਗੀ। ਦੱਸ ਦਈਏ ਖਬਰ ਲਿਖਣ ਤੱਕ ਪੰਜਾਬ ਦੇ ਕਈ ਦਿੱਗਜ ਨੇਤਾ ਸੁਖਜਿੰਦਰ ਰੰਧਾਵਾ, ਚਰਨਜੀਤ ਸਿੰਘ ਚੰਨੀ , ਸ਼ਮਸ਼ੇਰ ਸਿੰਘ ਦੂਲੋ, ਬੀਬੀ ਰਾਜਿੰਦਰ ਕੌਰ ਭੱਠਲ,ਵਿਜੇ ਇੰਦਰਾ ਸਿੰਗਲਾ ਸਣੇ ਕਈ ਆਗੂ ਕਾਂਗਰਸ ਦਫ਼ਤਰ ਪਹੁੰਚ ਚੁੱਕੇ ਹਨ।