ਦੇਸ਼ ਵਿਰੋਧੀ ਸਮੱਗਰੀ ਤੋਂ ਬਚੋ! TV ਚੈਨਲਾਂ ਲਈ ਸਰਕਾਰ ਦੀ ਨਵੀਂ ਐਡਵਾਈਜ਼ਰੀ: ਭੜਕਾਊ ਬਹਿਸਾਂ ਅਤੇ AI ਦੀ ਗਲਤ ਵਰਤੋਂ 'ਤੇ ਹੋਵੇਗੀ ਕਾਰਵਾਈ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਨਿੱਜੀ ਸੈਟੇਲਾਈਟ ਟੀਵੀ ਚੈਨਲਾਂ ਨੂੰ ਲੈ ਕੇ ਸਖ਼ਤ ਰੁਖ ਅਪਣਾਇਆ ਹੈ। ਮੰਤਰਾਲੇ ਨੇ ਬੁੱਧਵਾਰ ਨੂੰ ਨਵੀਂ ਐਡਵਾਈਜ਼ਰੀ ਜਾਰੀ ਕਰਦਿਆਂ ਚੈਨਲਾਂ ਨੂੰ ਅੱਤਵਾਦ ਵਿਰੋਧੀ ਮੁਹਿੰਮਾਂ ਦੀ ਲਾਈਵ ਕਵਰੇਜ ਕਰਨ ਤੋਂ ਬਚਣ, ਹਿੰਸਕ ਦ੍ਰਿਸ਼ ਦਿਖਾਉਂਦੇ ਸਮੇਂ ਸਾਵਧਾਨੀ ਵਰਤਣ ਅਤੇ ਦੇਸ਼ ਵਿਰੋਧੀ ਸਮੱਗਰੀ ਪ੍ਰਸਾਰਿਤ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਨਿੱਜੀ ਸੈਟੇਲਾਈਟ ਟੀਵੀ ਚੈਨਲਾਂ ਨੂੰ ਲੈ ਕੇ ਸਖ਼ਤ ਰੁਖ ਅਪਣਾਇਆ ਹੈ। ਮੰਤਰਾਲੇ ਨੇ ਬੁੱਧਵਾਰ ਨੂੰ ਨਵੀਂ ਐਡਵਾਈਜ਼ਰੀ ਜਾਰੀ ਕਰਦਿਆਂ ਚੈਨਲਾਂ ਨੂੰ ਅੱਤਵਾਦ ਵਿਰੋਧੀ ਮੁਹਿੰਮਾਂ ਦੀ ਲਾਈਵ ਕਵਰੇਜ ਕਰਨ ਤੋਂ ਬਚਣ, ਹਿੰਸਕ ਦ੍ਰਿਸ਼ ਦਿਖਾਉਂਦੇ ਸਮੇਂ ਸਾਵਧਾਨੀ ਵਰਤਣ ਅਤੇ ਦੇਸ਼ ਵਿਰੋਧੀ ਸਮੱਗਰੀ ਪ੍ਰਸਾਰਿਤ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਦੇ ਨਾਲ ਹੀ ਚੈਨਲਾਂ ਨੂੰ ਫਿਰਕੂ ਸਦਭਾਵਨਾ ਬਣਾਈ ਰੱਖਣ ਅਤੇ ਖ਼ਬਰਾਂ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ (AI) ਦੀ ਵਰਤੋਂ ਕਰਦੇ ਸਮੇਂ ਪੂਰੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਨਿੱਜੀ ਸੈਟੇਲਾਈਟ ਟੀਵੀ ਚੈਨਲਾਂ ਨੂੰ ਤੈਅ ਕਾਨੂੰਨੀ ਨਿਯਮਾਂ ਅਤੇ ਪ੍ਰੋਗਰਾਮ ਕੋਡ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ। ਨਿਯਮਾਂ ਦੀ ਉਲੰਘਣਾ ਕਰਨ 'ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਪ੍ਰੋਗਰਾਮ ਕੋਡ ਦੀ ਉਲੰਘਣਾ 'ਤੇ ਮੰਤਰਾਲਾ ਸਖ਼ਤ
ਮੰਤਰਾਲੇ ਮੁਤਾਬਕ, ਕਈ ਨਿੱਜੀ ਸੈਟੇਲਾਈਟ ਟੀਵੀ ਚੈਨਲ ਕੇਬਲ ਟੈਲੀਵਿਜ਼ਨ ਨੈੱਟਵਰਕ (ਰੈਗੂਲੇਸ਼ਨ) ਐਕਟ, 1995 ਅਤੇ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ, 1994 ਤਹਿਤ ਤੈਅ ਪ੍ਰੋਗਰਾਮ ਕੋਡ ਦੀ ਪਾਲਣਾ ਨਹੀਂ ਕਰ ਰਹੇ।
ਮੰਤਰਾਲੇ ਨੇ ਦੱਸਿਆ ਕਿ ਇੰਟਰ-ਡਿਪਾਰਟਮੈਂਟਲ ਕਮੇਟੀ (IDC) ਦੀ ਮੀਟਿੰਗ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਈ ਚੈਨਲਾਂ 'ਤੇ ਇੱਕੋ ਵਿਸ਼ੇ ਨਾਲ ਜੁੜੀਆਂ ਖ਼ਬਰਾਂ ਅਤੇ ਦ੍ਰਿਸ਼ ਵਾਰ-ਵਾਰ ਦਿਖਾਏ ਜਾ ਰਹੇ ਸਨ। ਇਸ ਤੋਂ ਬਾਅਦ ਕਮੇਟੀ ਨੇ ਸਿਫ਼ਾਰਸ਼ ਕੀਤੀ ਕਿ ਸਾਰੇ ਨਿੱਜੀ ਚੈਨਲਾਂ ਨੂੰ ਪ੍ਰਸਾਰਣ ਨਾਲ ਜੁੜੇ ਕਾਨੂੰਨੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਵੇ।
ਮੰਤਰਾਲੇ ਨੇ ਇਹ ਵੀ ਕਿਹਾ ਕਿ ਟੀਵੀ ਪ੍ਰਸਾਰਣ ਦੌਰਾਨ ਅਣਉਚਿਤ ਵਿਹਾਰ ਅਤੇ ਭਾਸ਼ਾ ਨੂੰ ਆਮ ਵਰਤਾਰਾ ਨਹੀਂ ਬਣਨ ਦੇਣਾ ਚਾਹੀਦਾ।
ਹਿੰਸਕ ਦ੍ਰਿਸ਼ਾਂ ਅਤੇ AI ਦੀ ਵਰਤੋਂ ਲਈ ਵੀ ਨਿਰਦੇਸ਼
ਜਾਰੀ ਕੀਤੀ ਗਈ ਐਡਵਾਈਜ਼ਰੀ ਵਿੱਚ ਅੱਤਵਾਦ ਵਿਰੋਧੀ ਮੁਹਿੰਮਾਂ ਦੀ ਲਾਈਵ ਕਵਰੇਜ, ਅਪਰਾਧਾਂ ਦੀ ਰਿਪੋਰਟਿੰਗ, ਕੁਦਰਤੀ ਆਫ਼ਤਾਂ ਅਤੇ ਹਿੰਸਕ ਦ੍ਰਿਸ਼ਾਂ ਨੂੰ ਦਿਖਾਉਣ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਭਾਰਤ ਦੇ ਸਹੀ ਨਕਸ਼ਿਆਂ ਦੀ ਵਰਤੋਂ, ਫਿਰਕੂ ਸਦਭਾਵਨਾ ਬਣਾਈ ਰੱਖਣ ਅਤੇ ਜਿਨਸੀ ਸ਼ੋਸ਼ਣ ਦੇ ਪੀੜਤਾਂ ਦੀ ਪਛਾਣ ਗੁਪਤ ਰੱਖਣ 'ਤੇ ਵੀ ਜ਼ੋਰ ਦਿੱਤਾ ਗਿਆ ਹੈ।
ਮੰਤਰਾਲੇ ਨੇ ਕਿਹਾ ਹੈ ਕਿ ਲਾਈਵ ਬਹਿਸਾਂ ਅਤੇ ਪੈਨਲ ਚਰਚਾਵਾਂ ਸਮੇਤ ਕਿਸੇ ਵੀ ਪ੍ਰੋਗਰਾਮ ਰਾਹੀਂ ਫਿਰਕੂ ਜਾਂ ਦੇਸ਼ ਵਿਰੋਧੀ ਸੋਚ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ।
ਖ਼ਬਰਾਂ ਵਿੱਚ AI ਦੀ ਵਰਤੋਂ ਸਾਵਧਾਨੀ ਨਾਲ ਕਰਨ ਦੀ ਹਦਾਇਤ
ਮੰਤਰਾਲੇ ਨੇ ਆਰਟੀਫਿਸ਼ਲ ਇੰਟੈਲੀਜੈਂਸ (AI) ਅਤੇ ਜਨਰੇਟਿਵ AI ਦੀ ਵਰਤੋਂ ਨੂੰ ਲੈ ਕੇ ਵੀ ਚੈਨਲਾਂ ਨੂੰ ਚੌਕਸ ਕੀਤਾ ਹੈ। ਗ੍ਰਾਫਿਕਸ ਅਤੇ ਵਰਚੁਅਲ ਨਿਊਜ਼ ਪੇਸ਼ਕਾਰੀ ਵਿੱਚ AI ਟੂਲਜ਼ ਦੀ ਵਰਤੋਂ ਸਿਰਫ਼ ਸਹਾਇਕ ਤਕਨੀਕ ਵਜੋਂ ਕਰਨ ਲਈ ਕਿਹਾ ਗਿਆ ਹੈ।
ਨਾਲ ਹੀ, ਖ਼ਬਰਾਂ ਦੀ ਸਹੀ ਜਾਣਕਾਰੀ, ਭਰੋਸੇਯੋਗਤਾ ਅਤੇ ਸੰਵੇਦਨਸ਼ੀਲਤਾ ਨਾਲ ਕੋਈ ਸਮਝੌਤਾ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸੰਪਾਦਕੀ ਪ੍ਰਣਾਲੀ ਮਜ਼ਬੂਤ ਕਰਨ ਦੇ ਹੁਕਮ
ਮੰਤਰਾਲੇ ਨੇ ਟੀਵੀ ਚੈਨਲਾਂ ਨੂੰ ਆਪਣੇ ਸੰਪਾਦਕੀ ਅਤੇ ਸਮੱਗਰੀ ਦੀ ਜਾਂਚ ਕਰਨ ਵਾਲੇ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ ਹੈ। ਖ਼ਬਰਾਂ ਇਕੱਠੀਆਂ ਕਰਨ ਤੋਂ ਲੈ ਕੇ ਸੰਪਾਦਨ, ਪ੍ਰੋਡਕਸ਼ਨ, ਟ੍ਰਾਂਸਮਿਸ਼ਨ ਅਤੇ ਪ੍ਰਸਾਰਣ ਤੱਕ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨਿਯਮਿਤ ਤੌਰ 'ਤੇ ਜਾਗਰੂਕਤਾ ਅਤੇ ਸਿਖਲਾਈ ਦੇਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਐਡਵਾਈਜ਼ਰੀ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੋਣ 'ਤੇ ਕੇਬਲ ਟੈਲੀਵਿਜ਼ਨ ਨੈੱਟਵਰਕ ਕਾਨੂੰਨ, 1995 ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।