ਖੂਨ ਦੇ ਰਿਸ਼ਤੇ ਤਾਰ-ਤਾਰ! ਭਰਾ ਨੇ ਰੱਖੜੀ ਤੋਂ ਪਹਿਲਾਂ ਕੀਤਾ ਰਿਸ਼ਤਿਆਂ ਦਾ ਕਤਲ: ਆਪਣੀਆਂ ਦੋ ਸਕੀਆਂ ਭੈਣਾਂ ਨੂੰ ਮਾਰੀ ਗੋਲੀ, ਜੀਜਾ ਵੀ ਜ਼ਖ਼ਮੀ…

ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਸਗੇ ਭਰਾ ਨੇ ਹੀ ਆਪਣੀ ਦੋ ਭੈਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਜੀ ਹਾਂ ਇਹ ਮਾਮਲਾ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ।

By:  Lajwinder Kaur August 27th 2026 05:14 PM -- Updated: August 27th 2026 05:20 PM

ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਇੱਕ ਬੇਹੱਦ ਸਨਸਨੀਖੇਜ਼ ਅਤੇ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਪਵਿੱਤਰ ਤਿਉਹਾਰ ਰੱਖੜੀ ਤੋਂ ਮਹਿਜ਼ ਕੁਝ ਦਿਨ ਪਹਿਲਾਂ ਇੱਕ ਕਲਯੁੱਗੀ ਭਰਾ ਨੇ ਆਪਣੀਆਂ ਹੀ ਦੋ ਸਕੀਆਂ ਭੈਣਾਂ ਨੂੰ ਗੋਲੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਭਿਆਨਕ ਵਾਰਦਾਤ ਦੌਰਾਨ ਇੱਕ ਭੈਣ ਦਾ ਪਤੀ (ਜੀਜਾ) ਵੀ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਰੱਖੜੀ ਤੋਂ ਠੀਕ ਪਹਿਲਾਂ ਵਾਪਰੀ ਖ਼ੌਫ਼ਨਾਕ ਘਟਨਾ

ਮਿਲੀ ਜਾਣਕਾਰੀ ਮੁਤਾਬਕ ਇਹ ਪੂਰੀ ਘਟਨਾ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ ਖੇਤਰ ਦੇ ਗੰਗਨਹਰ ਕੋਤਵਾਲੀ ਇਲਾਕੇ ਵਿੱਚ ਵਾਪਰੀ ਹੈ। ਭਰਾ ਅਤੇ ਭੈਣ ਦੇ ਪਵਿੱਤਰ ਪਿਆਰ ਅਤੇ ਅਟੁੱਟ ਵਿਸ਼ਵਾਸ ਦੇ ਪ੍ਰਤੀਕ ਮਹਾਨ ਤਿਉਹਾਰ ਰੱਖੜੀ ਤੋਂ ਮਹਿਜ਼ ਤਿੰਨ ਦਿਨ ਪਹਿਲਾਂ ਇਸ ਵਾਰਦਾਤ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮੁਲਜ਼ਮ ਭਰਾ ਨੇ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਇਸ ਖ਼ੌਫ਼ਨਾਕ ਕਾਂਡ ਨੂੰ ਅੰਜਾਮ ਦਿੱਤਾ।

ਮੁਲਜ਼ਮ ਨੇ ਆਪਣੀ ਪਹਿਲੀ ਵਾਰਦਾਤ ਗਣੇਸ਼ਪੁਰ ਦੀ ਪ੍ਰੀਤ ਵਿਹਾਰ ਕਾਲੋਨੀ ਵਿੱਚ ਨੂੰ ਅੰਜਾਮ ਦਿੱਤੀ, ਜਿੱਥੇ ਉਸ ਨੇ 50 ਸਾਲਾ ਆਪਣੀ ਭੈਣ ਸ਼ਕੁੰਤਲਾ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਮੁਲਜ਼ਮ ਉੱਥੋਂ ਨਹੀਂ ਰੁਕਿਆ ਅਤੇ ਉਹ ਆਜ਼ਾਦ ਨਗਰ ਵਿੱਚ ਰਹਿਣ ਵਾਲੀ ਆਪਣੀ ਦੂਜੀ ਭੈਣ 48 ਸਾਲਾ ਪੁਸ਼ਪਾ ਕੋਲ ਪਹੁੰਚਿਆ ਅਤੇ ਉੱਥੇ ਵੀ ਉਸ ਨੇ ਪੁਸ਼ਪਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ ਵਿੱਚ ਵਿਚਾਲੇ ਬਚਾਅ ਕਰਨ ਆਏ ਇੱਕ ਭੈਣ ਦੇ ਪਤੀ ਨੂੰ ਵੀ ਗੋਲੀ ਜਾ ਵੱਜੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਪੁਲਿਸ ਪ੍ਰਸ਼ਾਸਨ ਵਿੱਚ ਮਚਿਆ ਹੜਕੰਪ, ਮੁਲਜ਼ਮ ਗ੍ਰਿਫ਼ਤਾਰ

ਦੋ ਸਕੀਆਂ ਭੈਣਾਂ ਦੇ ਦਿਨ-ਦਹਾੜੇ ਹੋਏ ਕਤਲ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮਹਿਕਮੇ ਵਿੱਚ ਭਾਜੜਾਂ ਪੈ ਗਈਆਂ ਅਤੇ ਹੜਕੰਪ ਮਚ ਗਿਆ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਦੇ ਉੱਚ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਦੋਵਾਂ ਘਟਨਾ ਸਥਾਨਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ।

ਐਸਪੀ ਦਿਹਾਤ ਸ਼ੇਖਰ ਚੰਦਰ ਸੁਯਾਲ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਪੂਰੇ ਕਾਂਡ ਨੂੰ ਦੋਵਾਂ ਭੈਣਾਂ ਦੇ ਆਪਣੇ ਹੀ ਭਰਾ ਨੇ ਅੰਜਾਮ ਦਿੱਤਾ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਚੌਕਸੀ ਵਰਤਦਿਆਂ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ, ਹੁਣ ਤੱਕ ਇਸ ਭਿਆਨਕ ਕਤਲ ਦੇ ਅਸਲ ਕਾਰਨਾਂ ਅਤੇ ਪਿੱਛੇ ਦੀ ਰੰਜਿਸ਼ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫੜੇ ਗਏ ਮੁਲਜ਼ਮ ਤੋਂ ਸਖ਼ਤ ਪੁੱਛਗਿੱਛ ਜਾਰੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।

© Copyright Galactic Television & Communications Pvt. Ltd. 2026. All rights reserved.