ਵੱਡੀ ਰਾਹਤ! ਸਟਰੇਟ ਆਫ ਹੋਰਮੁਜ਼ ਪੂਰੀ ਤਰ੍ਹਾਂ ਖੁੱਲ੍ਹਿਆ…ਜਾਣੋ ਭਾਰਤ ਦੀ ਆਰਥਿਕਤਾ 'ਤੇ ਕੀ ਪਵੇਗਾ ਅਸਰ? ਸਮਝੋ ਇਹ ਅਹਿਮ ਗੱਲਾਂ
Lajwinder Kaur
April 18th 2026 10:18 AM --
Updated:
April 18th 2026 10:37 AM
ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਜਦੋਂ ਤੱਕ ਜੰਗਬੰਦੀ (Ceasefire) ਲਾਗੂ ਰਹੇਗੀ, ਉਦੋਂ ਤੱਕ ਸਟਰੇਟ ਆਫ ਹੋਰਮੁਜ਼ (Strait of Hormuz) ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਵੇਗਾ। ਇਹ ਫੈਸਲਾ ਸਮੁੱਚੇ ਏਸ਼ੀਆਈ ਦੇਸ਼ਾਂ ਲਈ ਬਹੁਤ ਵੱਡੀ ਰਾਹਤ ਲੈ ਕੇ ਆਇਆ ਹੈ।
ਸਟਰੇਟ ਆਫ ਹੋਰਮੁਜ਼ ਦੇ ਦੁਬਾਰਾ ਖੁੱਲ੍ਹਣ ਨਾਲ ਭਾਰਤ ਨੂੰ ਜ਼ਬਰਦਸਤ ਫਾਇਦਾ ਹੋਣ ਵਾਲਾ ਹੈ। ਭਾਰਤ ਦੇ ਸਾਹਮਣੇ ਖੜ੍ਹੀ ਊਰਜਾ ਸਪਲਾਈ ਦੀ ਚੁਣੌਤੀ ਹੁਣ ਖ਼ਤਮ ਹੋ ਜਾਵੇਗੀ। ਸਪਲਾਈ ਚੇਨ ਵਿੱਚ ਸੁਧਾਰ ਹੋਣ ਨਾਲ LNG, LPG ਅਤੇ ਕੱਚੇ ਤੇਲ ਦੀ ਸਪਲਾਈ ਆਮ ਵਾਂਗ ਹੋ ਜਾਵੇਗੀ, ਜਿਸ ਨਾਲ ਦੇਸ਼ ਭਰ ਵਿੱਚ ਲੋੜਵੰਦਾਂ ਤੱਕ ਪੈਟਰੋਲੀਅਮ ਉਤਪਾਦ ਆਸਾਨੀ ਨਾਲ ਅਤੇ ਪਹਿਲਾਂ ਵਾਲੀਆਂ ਕੀਮਤਾਂ 'ਤੇ ਉਪਲਬਧ ਹੋ ਸਕਣਗੇ।
ਸਟਰੇਟ ਆਫ ਹੋਰਮੁਜ਼ ਖੁੱਲ੍ਹਣ ਦੇ ਇਹ ਹੋਣਗੇ ਵੱਡੇ ਫਾਇਦੇ:
- ਸਟਰੇਟ ਆਫ ਹੋਰਮੁਜ਼ ਭਾਰਤ ਦੀ ਊਰਜਾ ਸੁਰੱਖਿਆ ਲਈ ਬੇਹੱਦ ਮਹੱਤਵਪੂਰਨ ਹੈ। ਦੇਸ਼ ਦੀਆਂ ਵੱਡੀਆਂ ਊਰਜਾ ਲੋੜਾਂ ਇਸੇ ਤੰਗ ਸਮੁੰਦਰੀ ਰਸਤੇ ਰਾਹੀਂ ਪੂਰੀਆਂ ਹੁੰਦੀਆਂ ਹਨ। ਭਾਰਤ ਆਪਣੇ ਕੁੱਲ ਕੱਚੇ ਤੇਲ (ਕਰੂਡ ਆਇਲ) ਦੀ ਦਰਾਮਦ ਦਾ ਲਗਭਗ 45 ਤੋਂ 50 ਫੀਸਦੀ ਅਤੇ ਐਲ.ਐਨ.ਜੀ. (ਤਰਲ ਕੁਦਰਤੀ ਗੈਸ) ਦਾ 50 ਫੀਸਦੀ ਤੋਂ ਵੱਧ ਹਿੱਸਾ ਇਸੇ ਰਸਤੇ ਰਾਹੀਂ ਮੰਗਵਾਉਂਦਾ ਹੈ।
- ਹਰ ਰੋਜ਼ ਲਗਭਗ 15 ਲੱਖ ਬੈਰਲ ਤੇਲ ਦੀ ਸਪਲਾਈ ਵੀ ਸਟਰੇਟ ਆਫ ਹੋਰਮੁਜ਼ ਰਾਹੀਂ ਹੁੰਦੀ ਹੈ, ਜੋ ਦੇਸ਼ ਦੀਆਂ ਊਰਜਾ ਲੋੜਾਂ ਅਤੇ ਆਰਥਿਕ ਸਥਿਰਤਾ ਲਈ ਅਤਿ ਲੋੜੀਂਦੀ ਹੈ। ਸਟਰੇਟ ਆਫ ਹੋਰਮੁਜ਼ ਦੇ ਖੁੱਲ੍ਹ ਜਾਣ ਨਾਲ ਪੈਟਰੋਲੀਅਮ ਪਦਾਰਥਾਂ ਦੀ ਦਰਾਮਦ (ਇੰਪੋਰਟ) ਕਰਨਾ ਕਾਫੀ ਆਸਾਨ ਹੋ ਜਾਵੇਗਾ।
- ਭਾਰਤ ਆਪਣੀਆਂ ਕੱਚੇ ਤੇਲ ਦੀਆਂ 85 ਫੀਸਦੀ ਲੋੜਾਂ ਨੂੰ ਦਰਾਮਦ (ਇੰਪੋਰਟ) ਰਾਹੀਂ ਪੂਰਾ ਕਰਦਾ ਹੈ, ਜਿਸ ਵਿੱਚ ਖਾੜੀ ਦੇਸ਼ਾਂ—ਸਾਊਦੀ ਅਰਬ, ਇਰਾਕ, ਯੂ.ਏ.ਈ. ਅਤੇ ਕੁਵੈਤ ਦੀ ਹਿੱਸੇਦਾਰੀ ਸਭ ਤੋਂ ਵੱਧ ਹੈ। ਅਜਿਹੀ ਸਥਿਤੀ ਵਿੱਚ, ਸਟਰੇਟ ਆਫ ਹੋਰਮੁਜ਼ ਦੇ ਦੁਬਾਰਾ ਖੁੱਲ੍ਹਣ ਨਾਲ ਰੁਕਾਵਟਾਂ ਖ਼ਤਮ ਹੋ ਜਾਣਗੀਆਂ ਅਤੇ ਭਾਰਤ ਦੀ ਊਰਜਾ ਸਪਲਾਈ ਮੁੜ ਆਮ ਵਾਂਗ ਹੋ ਸਕੇਗੀ।
- ਸਟਰੇਟ ਆਫ ਹੋਰਮੁਜ਼ ਦੇ ਖੁੱਲ੍ਹ ਜਾਣ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਆਵੇਗੀ। ਇਸ ਨਾਲ ਭਾਰਤ ਦੇ ਵਧਦੇ ਵਪਾਰਕ ਘਾਟੇ ਨੂੰ ਰਾਹਤ ਮਿਲੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ ਦਰ 'ਤੇ ਦਬਾਅ ਘਟੇਗਾ। ਇਸ ਤੋਂ ਇਲਾਵਾ, ਵਿਦੇਸ਼ੀ ਮੁਦਰਾ ਭੰਡਾਰ (Forex Reserve) 'ਤੇ ਵਾਧੂ ਬੋਝ ਖ਼ਤਮ ਹੋ ਜਾਵੇਗਾ ਅਤੇ ਸ਼ਿਪਿੰਗ ਬੀਮਾ ਤੇ ਮਾਲ ਢੋਆ-ਢੁਆਈ ਦੀ ਲਾਗਤ ਵਿੱਚ ਵੀ ਕਮੀ ਆਵੇਗੀ।
- ਸਟਰੇਟ ਆਫ ਹੋਰਮੁਜ਼ ਦਾ ਰਸਤਾ ਸਾਫ਼ ਹੋਣ ਨਾਲ ਭਾਰਤ ਤੋਂ ਹੋਰ ਵਸਤੂਆਂ ਦੀ ਬਰਾਮਦ (Export) ਵੀ ਆਸਾਨ ਹੋ ਜਾਵੇਗੀ, ਜਿਸ ਨਾਲ ਭਾਰਤੀ ਬਰਾਮਦਕਾਰਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦਾ ਮਾਲ ਸਮੇਂ ਸਿਰ ਅਤੇ ਸਹੀ ਲਾਗਤ ਦੇ ਨਾਲ ਦੁਨੀਆ ਦੇ ਹੋਰ ਦੇਸ਼ਾਂ ਤੱਕ ਪਹੁੰਚ ਸਕੇਗਾ।
- ਭਾਰਤ ਨੂੰ ਪੈਟਰੋਲੀਅਮ ਤੋਂ ਇਲਾਵਾ ਹੋਰ ਜ਼ਰੂਰੀ ਵਸਤਾਂ ਦੀ ਦਰਾਮਦ (Import) ਕਰਨ ਵਿੱਚ ਵੀ ਆਸਾਨੀ ਹੋਵੇਗੀ। ਸਮੁੰਦਰੀ ਜਹਾਜ਼ ਸਮੇਂ ਸਿਰ ਭਾਰਤ ਪਹੁੰਚ ਸਕਣਗੇ, ਜਿਸ ਸਦਕਾ ਇਨ੍ਹਾਂ ਵਸਤੂਆਂ ਦੀਆਂ ਕੀਮਤਾਂ ਭਾਰਤ ਵਿੱਚ ਮੁੜ ਆਪਣੇ ਪਹਿਲੇ ਪੱਧਰ 'ਤੇ ਆ ਸਕਣਗੀਆਂ। ਅਰਥਵਿਵਸਥਾ ਦੇ ਨਾਲ-ਨਾਲ ਇਹ ਆਮ ਜਨਤਾ ਦੇ ਲਈ ਵੀ ਚੰਗੀ ਖਬਰ ਹੈ।