1 ਜੁਲਾਈ ਨੂੰ ਜਨਤਾ ਨੂੰ ਮਿਲੀ ਖੁਸ਼ਖਬਰੀ! LPG ਸਿਲੰਡਰ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਰਾਹਤ; ਸਿਲੰਡਰ 183 ਰੁਪਏ ਹੋਇਆ ਸਸਤਾ
ਮਹੀਨੇ ਦੇ ਪਹਿਲੇ ਹੀ ਦਿਨ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਨੇ 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 183.50 ਰੁਪਏ ਦੀ ਕਟੌਤੀ ਕੀਤੀ ਹੈ। ਇਸ ਕਟੌਤੀ ਤੋਂ ਬਾਅਦ ਹੁਣ ਇਸ ਦੀ ਨਵੀਂ ਕੀਮਤ 2930 ਰੁਪਏ ਹੋ ਗਈ ਹੈ, ਜੋ ਕਿ ਪਹਿਲਾਂ 3,113.50 ਰੁਪਏ ਸੀ। ਹਾਲਾਂਕਿ, 14.2 ਕਿਲੋ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਇਸ ਸਾਲ 'ਚ ਪਹਿਲੀ ਵਾਰ ਕੀਮਤਾਂ 'ਚ ਕੀਤੀ ਗਈ ਕਟੌਤੀ
ਇਸ ਸਾਲ ਪਹਿਲੀ ਵਾਰ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਜਨਵਰੀ 2026 ਵਿੱਚ ਦਿੱਲੀ ਵਿੱਚ ਇਸਦਾ ਰੇਟ 1691.50 ਰੁਪਏ ਸੀ, ਜੋ ਕਿ ਜੂਨ ਤੱਕ ਵਧ ਕੇ ਲਗਭਗ ਦੁੱਗਣਾ ਹੋ ਗਿਆ ਸੀ। ਮਾਰਚ 2026 ਵਿੱਚ ਇਸਦੇ ਰੇਟ ਦੋ ਵਾਰ ਵਧੇ ਸਨ-1 ਮਾਰਚ ਨੂੰ ਕਮਰਸ਼ੀਅਲ ਸਿਲੰਡਰ 28 ਰੁਪਏ ਅਤੇ 7 ਮਾਰਚ ਨੂੰ 114.50 ਰੁਪਏ ਮਹਿੰਗਾ ਹੋ ਗਿਆ ਸੀ। ਮਈ ਦੇ ਮਹੀਨੇ ਵਿੱਚ ਇਸਦੀ ਕੀਮਤ ਵਿੱਚ 993 ਰੁਪਏ ਦਾ ਭਾਰੀ ਵਾਧਾ ਹੋਇਆ ਸੀ, ਜਿਸ ਨਾਲ ਦਿੱਲੀ ਵਿੱਚ ਇਸਦਾ ਰੇਟ ਸਿੱਧਾ 3071.50 ਰੁਪਏ ਤੱਕ ਪਹੁੰਚ ਗਿਆ ਸੀ। ਇਸ ਤੋਂ ਬਾਅਦ 1 ਜੂਨ ਨੂੰ ਇਹ ਫਿਰ 42 ਰੁਪਏ ਮਹਿੰਗਾ ਹੋ ਗਿਆ ਸੀ।
ਅੱਜ ਹੋਈ ਕਟੌਤੀ ਤੋਂ ਬਾਅਦ ਨਵੀਂ ਦਿੱਲੀ ਵਿੱਚ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 2930 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਲਖਨਊ ਵਿੱਚ ਇਹ ਕੀਮਤ 3236 ਰੁਪਏ ਤੋਂ ਘਟ ਕੇ 3052.5 ਰੁਪਏ, ਕੋਲਕਾਤਾ ਵਿੱਚ 3255.50 ਰੁਪਏ ਦੀ ਜਗ੍ਹਾ 3081.50 ਰੁਪਏ ਹੋ ਗਈ ਹੈ। ਪਟਨਾ ਵਿੱਚ ਹੁਣ ਕਮਰਸ਼ੀਅਲ ਸਿਲੰਡਰ 3227 ਰੁਪਏ ਵਿੱਚ ਮਿਲੇਗਾ।
5 ਕਿਲੋ ਦਾ 'ਛੋਟੂ' ਗੈਸ ਸਿਲੰਡਰ ਹੋਇਆ ਸਸਤਾ
ਅੱਜ ਕਮਰਸ਼ੀਅਲ ਗੈਸ ਸਿਲੰਡਰ ਦੇ ਨਾਲ-ਨਾਲ 'ਛੋਟੂ' ਗੈਸ ਸਿਲੰਡਰ ਵੀ ਸਸਤੇ ਹੋ ਗਏ ਹਨ। ਤੇਲ ਕੰਪਨੀਆਂ ਨੇ 5 ਕਿਲੋ ਵਾਲੇ ਫ੍ਰੀ ਟਰੇਡ ਐਲ.ਪੀ.ਜੀ. ਸਿਲੰਡਰ (FTL) ਦੀ ਕੀਮਤ ਵਿੱਚ ਕਟੌਤੀ ਕੀਤੀ ਹੈ। ਅੱਜ ਤੋਂ ਇਸ ਦੀ ਕੀਮਤ 13 ਰੁਪਏ ਘੱਟ ਗਈ ਹੈ। ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਦਿੱਲੀ ਵਿੱਚ 5 ਕਿਲੋ ਵਾਲਾ ਸਿਲੰਡਰ ਹੁਣ 808.50 ਰੁਪਏ ਵਿੱਚ ਮਿਲੇਗਾ। ਸਰਕਾਰ ਦੇ ਇਸ ਫੈਸਲੇ ਨਾਲ ਛੋਟੇ ਪਰਿਵਾਰਾਂ, ਕਿਰਾਏ 'ਤੇ ਰਹਿਣ ਵਾਲੇ ਲੋਕਾਂ ਅਤੇ ਛੋਟੇ ਦੁਕਾਨਦਾਰਾਂ ਨੂੰ ਕਾਫੀ ਜ਼ਿਆਦਾ ਰਾਹਤ ਮਿਲੇਗੀ।