ਜ਼ਿਮਨੀ ਚੋਣ ਤੋਂ ਪਹਿਲਾਂ ਮਮਤਾ ਬੈਨਰਜੀ ਨੂੰ ਵੱਡਾ ਝਟਕਾ: TMC ਦੇ ਸੈਂਕੜੇ ਵਰਕਰਾਂ ਅਤੇ ਆਗੂਆਂ ਨੇ ਛੱਡੀ ਪਾਰਟੀ, ਕਾਂਗਰਸ ਦਾ ਫੜਿਆ ਹੱਥ

ਸਾਬਕਾ ਸੀਐੱਮ ਮਮਤਾ ਬੈਨਰਜੀ ਨੂੰ ਬੈਕ ਟੂ ਬੈਕ ਝਟਕੇ ਲੱਗ ਰਹੇ ਹਨ। ਪੱਛਮੀ ਬੰਗਾਲ ਵਿੱਚ ਹੋਣ ਵਾਲੇ ਉਪਚੁਣਾਵਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (TMC) ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਕਈ ਵਰਕਰਾਂ ਅਤੇ ਆਗੂਆਂ ਨੇ ਪਾਰਟੀ ਦਾ ਸਾਥ ਛੱਡ ਦਿੱਤਾ ਹੈ।

By:  Lajwinder Kaur September 29th 2026 05:40 PM -- Updated: September 29th 2026 05:41 PM

ਪੱਛਮੀ ਬੰਗਾਲ ਵਿੱਚ ਹੋਣ ਵਾਲੇ ਉਪਚੁਣਾਵਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (TMC) ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਪਾਰਟੀ ਵਿੱਚ ਅੰਦਰੂਨੀ ਟੁੱਟਭੱਜ ਦੇ ਵਿਚਕਾਰ ਹੁਣ ਕਾਂਗਰਸ ਨੇ ਮਾਲਦਾ ਵਿੱਚ ਆਪਣੇ ਪੁਰਾਣੇ ਗੜ੍ਹ ਨੂੰ ਮੁੜ ਤੋਂ ਮਜ਼ਬੂਤ ਕਰਨ ਲਈ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਦੇ ਮੱਦੇਨਜ਼ਰ ਟੀ.ਐੱਮ.ਸੀ. ਦੇ ਸੈਂਕੜੇ ਵਰਕਰਾਂ ਅਤੇ ਪ੍ਰਮੁੱਖ ਆਗੂਆਂ ਨੇ ਟੀ.ਐੱਮ.ਸੀ. ਨੂੰ ਅਲਵਿਦਾ ਕਹਿੰਦਿਆਂ ਕਾਂਗਰਸ ਦਾ ਹੱਥ ਫੜ ਲਿਆ ਹੈ।

ਓਲਡ ਮਾਲਦਾ ਵਿੱਚ ਕਾਂਗਰਸ ਦੀ ਵਾਪਸੀ

ਓਲਡ ਮਾਲਦਾ ਦਾ ਮਹਿਸ਼ਬਥਾਨੀ ਇਲਾਕਾ ਕਦੇ ਕਾਂਗਰਸ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਸੀ। ਲੰਬੇ ਸਮੇਂ ਬਾਅਦ ਕਾਂਗਰਸ ਹੁਣ ਉਸੇ ਇਲਾਕੇ ਵਿੱਚ ਆਪਣੇ ਸੰਗਠਨ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਮੁਹਿੰਮ ਤਹਿਤ ਐਤਵਾਰ ਨੂੰ ਮਹਿਸ਼ਬਥਾਨੀ ਦੇ ਬਲਰਾਮਪੁਰ ਵਿਖੇ ਇੱਕ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਟੀ.ਐੱਮ.ਸੀ. ਦੇ 13 ਪੰਚਾਇਤ ਮੈਂਬਰ, 1 ਪੰਚਾਇਤ ਕਮੇਟੀ ਮੈਂਬਰ, ਇਲਾਕੇ ਦੇ ਟੀ.ਐੱਮ.ਸੀ. ਖੇਤਰੀ ਪ੍ਰਧਾਨ, ਬਲਾਕ ਮੀਤ ਪ੍ਰਧਾਨ ਅਤੇ 100 ਤੋਂ ਵੱਧ ਵਰਕਰਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।

ਸਮਾਗਮ ਵਿੱਚ ਮੌਜੂਦ ਵੱਡੇ ਆਗੂ

ਬਲਰਾਮਪੁਰ ਵਿੱਚ ਹੋਏ ਇਸ ਵੱਡੇ ਸਮਾਗਮ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਮਾਲਦਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਈਸ਼ਾ ਖਾਨ ਚੌਧਰੀ ਅਤੇ ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਭੂਪੇਂਦਰਨਾਥ ਹਲਦਰ ਨੇ ਪਾਰਟੀ ਦਾ ਝੰਡਾ ਦੇ ਕੇ ਸਵਾਗਤ ਕੀਤਾ। ਇਸ ਮੌਕੇ ਭਾਰੀ ਗਿਣਤੀ ਵਿੱਚ ਲੋਕਾਂ ਦੀ ਭੀੜ ਮੌਜੂਦ ਰਹੀ। ਸਮਾਗਮ ਵਿੱਚ ਈਸ਼ਾ ਖਾਨ ਚੌਧਰੀ ਅਤੇ ਭੂਪੇਂਦਰਨਾਥ ਹਲਦਰ ਤੋਂ ਇਲਾਵਾ ਮਾਣਿਕਚੱਕ ਦੇ ਸਾਬਕਾ ਵਿਧਾਇਕ ਮੋਤਕੀਮ ਆਲਮ, ਓਲਡ ਮਾਲਦਾ ਬਲਾਕ ਕਾਂਗਰਸ ਪ੍ਰਧਾਨ ਗੋਪਾਲ ਸਰਕਾਰ, ਕਾਂਗਰਸ ਆਗੂ ਉਦੈ ਮੰਡਲ ਅਤੇ ਹੋਰ ਕਈ ਸਥਾਨਕ ਆਗੂ ਵੀ ਮੌਜੂਦ ਸਨ।

ਆਗੂਆਂ ਅਤੇ ਵਰਕਰਾਂ ਦੇ ਬਿਆਨ

ਕਾਂਗਰਸ ਲੀਡਰਸ਼ਿਪ ਦਾ ਦਾਅਵਾ ਹੈ ਕਿ ਮਹਿਸ਼ਬਥਾਨੀ ਕਦੇ ਉਨ੍ਹਾਂ ਦਾ ਗੜ੍ਹ ਰਿਹਾ ਹੈ ਅਤੇ ਭਾਵੇਂ ਲੰਬੇ ਸਮੇਂ ਤੱਕ ਸੰਗਠਨ ਕਮਜ਼ੋਰ ਰਿਹਾ ਹੋਵੇ, ਪਰ ਹੁਣ ਲੋਕ ਖ਼ੁਦ ਵਾਪਸ ਕਾਂਗਰਸ ਵੱਲ ਪਰਤ ਰਹੇ ਹਨ। ਦੂਜੇ ਪਾਸੇ, ਟੀ.ਐੱਮ.ਸੀ. ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਰਾਫਤ ਅਲੀ ਨੇ ਕਿਹਾ ਕਿ ਮੌਜੂਦਾ ਰਾਜਨੀਤਿਕ ਹਾਲਾਤਾਂ ਵਿੱਚ ਇੱਕ ਖੇਤਰੀ ਪਾਰਟੀ ਵਜੋਂ ਟੀ.ਐੱਮ.ਸੀ. ਲਈ ਭਾਜਪਾ (BJP) ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲੜਨਾ ਮੁਸ਼ਕਲ ਹੈ। ਉਨ੍ਹਾਂ ਆਖਿਆ ਕਿ ਭਾਜਪਾ ਦਾ ਮੁਕਾਬਲਾ ਕਰਨ ਲਈ ਉਹ ਬਿਨਾਂ ਕਿਸੇ ਝਿਜਕ ਦੇ ਕਾਂਗਰਸ ਨਾਲ ਜੁੜੇ ਹਨ।

© Copyright Galactic Television & Communications Pvt. Ltd. 2026. All rights reserved.