ਵੱਡੀ ਖ਼ਬਰ: ਅਮਰੀਕਾ ‘ਚ ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗ ਨੇ ਪੋਸਟ ਪਾ ਲਈ ਜ਼ਿੰਮੇਵਾਰੀ
ਅਮਰੀਕਾ ਦੇ ਕੈਲੀਫੋਰਨੀਆ ‘ਚ ਇੱਕ ਭਾਰਤੀ ਗੈਂਗਸਟਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਕੁੱਖਿਆਤ ਗੈਂਗਸਟਰ ਭਾਨੂ ਰਾਣਾ ਨੂੰ ਮਾਰਨ ਦਾ ਦਾਅਵਾ ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕੀਤਾ ਹੈ। ਹਾਲਾਂਕਿ, ਸੁਰੱਖਿਆ ਏਜੰਸੀਆਂ ਨੇ ਅਜੇ ਤੱਕ ਇਸ ਪੋਸਟ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ।
ਦੱਸ ਦੇਈਏ ਕਿ ਭਾਨੂ ਰਾਣਾ ਨਵੰਬਰ 2025 ਵਿੱਚ ਅਮਰੀਕਾ ਵਿੱਚ ਫੜਿਆ ਗਿਆ ਸੀ ਅਤੇ ਭਾਰਤ ਸਰਕਾਰ ਉਸ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਵਿੱਚ ਲੱਗੀ ਹੋਈ ਸੀ। ਉਸ 'ਤੇ ਕਤਲ, ਫਿਰੌਤੀ ਮੰਗਣ ਅਤੇ ਆਰਮਜ਼ ਐਕਟ ਸਮੇਤ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ।
ਗੈਂਗ ਵੱਲੋਂ ਪਾਈ ਗਈ ਪੋਸਟ ਵਿੱਚ ਕਿਹਾ ਗਿਆ ਹੈ, “ਇਸ ਦੇਸ਼ਧ੍ਰੋਹੀ ਭਾਨੂ ਰਾਣਾ (ਕੈਲੀਫੋਰਨੀਆ) ਨੂੰ ਮੈਂ ਸਰਪੰਚ ਯੂਰਪ, ਸਾਹਿਲ ਦੁਹਾਨ ਅਤੇ ਲੋਰੈਂਸ ਬਿਸ਼ਨੋਈ ਗੈਂਗ ਦੀ ਮਦਦ ਨਾਲ ਮਰਵਾਇਆ ਹੈ। ਲਾਰੈਂਸ ਭਾਈ ਨੇ ਸਾਫ਼ ਕਿਹਾ ਹੈ ਕਿ ਜੋ ਵੀ ਦੇਸ਼ ਦੇ ਖ਼ਿਲਾਫ਼ ਜਾਵੇਗਾ, ਉਸ ਦਾ ਇਹੀ ਹਸ਼ਰ ਹੋਵੇਗਾ।”
ਇਸ ਪੋਸਟ ਵਿੱਚ ਅੱਗੇ ਰੋਹਿਤ ਗੋਦਾਰਾ ਨੂੰ ਵੀ ਧਮਕੀ ਦਿੱਤੀ ਗਈ ਹੈ। ਨਾਲ ਹੀ ਗੋਲਡੀ ਢਿੱਲੋਂ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਹੁਣ ਨਸ਼ਿਆਂ ਦਾ ਕੰਮ ਕਰਦਾ ਹੈ ਅਤੇ ਦੇਸ਼ ਦੀ ਮੁਖ਼ਬਰੀ ਕਰ ਰਿਹਾ ਹੈ। ਪੋਸਟ ਦੇ ਅਖੀਰ ਵਿੱਚ ਕਈ ਹੋਰ ਗੈਂਗਾਂ ਦੇ ਨਾਮ ਵੀ ਲਿਖੇ ਗਏ ਹਨ। ਜੀਟੀਸੀ ਨਿਊਜ਼ ਇਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।
ਭਾਨੂ ਰਾਣਾ ਕੌਣ ਸੀ?
ਭਾਨੂ ਰਾਣਾ ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਕੁੱਖਿਆਤ ਗੈਂਗਸਟਰ ਸੀ, ਜੋ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਨਵੰਬਰ 2025 ਵਿੱਚ ਉਸ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਵਰਤਮਾਨ ਵਿੱਚ, ਭਾਰਤੀ ਸੁਰੱਖਿਆ ਏਜੰਸੀਆਂ ਉਸ ਨੂੰ ਅਮਰੀਕਾ ਤੋਂ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਵਿੱਚ ਜੁਟੀਆਂ ਹੋਈਆਂ ਸਨ। ਉਸ 'ਤੇ ਹਰਿਆਣਾ, ਪੰਜਾਬ ਅਤੇ ਦਿੱਲੀ ਵਿੱਚ ਕਤਲ, ਜਬਰੀ ਵਸੂਲੀ (ਫਿਰੌਤੀ) ਅਤੇ ਆਰਮਜ਼ ਐਕਟ ਸਮੇਤ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਸਨ।
ਪੰਜਾਬ ਗ੍ਰਨੇਡ ਹਮਲੇ ਵਿੱਚ ਵੀ ਸੀ ਭਾਨੂ ਦਾ ਨਾਮ
ਪੰਜਾਬ ਵਿੱਚ ਹੋਏ ਇੱਕ ਗ੍ਰਨੇਡ ਹਮਲੇ ਦੀ ਜਾਂਚ ਦੌਰਾਨ ਵੀ ਭਾਨੂ ਰਾਣਾ ਦਾ ਨਾਮ ਸਾਹਮਣੇ ਆਇਆ ਸੀ। ਜੂਨ 2025 ਵਿੱਚ ਕਰਨਾਲ ਤੋਂ ਫੜੇ ਗਏ ਉਸ ਦੇ ਗੁਰਗਿਆਂ ਨੇ ਪੁੱਛਗਿੱਛ ਦੌਰਾਨ ਕਬੂਲਿਆ ਸੀ ਕਿ ਉਹ ਰਾਣਾ ਦੇ ਨਿਰਦੇਸ਼ਾਂ 'ਤੇ ਹੀ ਕੰਮ ਕਰ ਰਹੇ ਸਨ। ਭਾਰਤੀ ਏਜੰਸੀਆਂ ਹੁਣ ਇਸ ਕਤਲ ਦੇ ਦਾਅਵੇ ਦੀ ਸੱਚਾਈ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।