ਪਾਕਿਸਤਾਨ ਦੇ ਅਸਮਾਨ 'ਚ ਪਹੁੰਚੀ ਦਿੱਲੀ-ਅੰਮ੍ਰਿਤਸਰ ਫਲਾਈਟ: ਚਿਤਾਵਨੀ ਮਿਲਣ 'ਤੇ ਯੂ-ਟਰਨ ਲੈ ਕੇ ਪਰਤੀ ਭਾਰਤ, ਕਰੂ ਮੈਂਬਰ ਸਣੇ ਯਾਤਰੀਆਂ ਦੇ ਅਟਕੇ ਸਾਹ
ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਏਅਰ ਇੰਡੀਆ ਦੀ ਫਲਾਈਟ (AI-479) ਤਕਨੀਕੀ ਖਰਾਬੀ ਕਾਰਨ ਰਸਤਾ ਭਟਕ ਕੇ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖਲ ਹੋ ਗਈ। ਪਾਕਿਸਤਾਨ ਦੀ ਏਅਰ ਟ੍ਰੈਫਿਕ ਅਥਾਰਟੀ ਵੱਲੋਂ ਚਿਤਾਵਨੀ ਮਿਲਣ ਤੋਂ ਬਾਅਦ ਜਹਾਜ਼ ਨੇ ਯੂ-ਟਰਨ ਲਿਆ ਅਤੇ ਵਾਪਸ ਭਾਰਤੀ ਹਵਾਈ ਖੇਤਰ ਵਿੱਚ ਪਰਤ ਆਇਆ।
ਇਸ ਵਜ੍ਹਾ ਕਰਕੇ ਰੂਟ ਤੋਂ ਭਟਕ ਗਿਆ ਸੀ ਜ਼ਹਾਜ
ਜਾਣਕਾਰੀ ਅਨੁਸਾਰ, ਏਅਰਬੱਸ A321 ਜਹਾਜ਼ ਨੇ ਸੋਮਵਾਰ ਰਾਤ 9:18 ਵਜੇ ਦਿੱਲੀ ਤੋਂ ਉਡਾਣ ਭਰੀ ਸੀ। ਉਡਾਣ ਦੌਰਾਨ ਤਕਨੀਕੀ ਖਾਮੀ ਆਉਣ ਕਾਰਨ ਜਹਾਜ਼ ਆਪਣੇ ਤੈਅ ਰੂਟ ਤੋਂ ਭਟਕ ਗਿਆ ਸੀ। ਹਾਲਾਂਕਿ, ਸਮਾਂ ਰਹਿੰਦਿਆਂ ਸਥਿਤੀ ਨੂੰ ਸੰਭਾਲ ਲਿਆ ਗਿਆ ਅਤੇ ਜਹਾਜ਼ ਨੂੰ ਵਾਪਸ ਮੋੜ ਲਿਆ ਗਿਆ।
ਅੰਮ੍ਰਿਤਸਰ ਵਿੱਚ ਲੈਂਡਿੰਗ ਦੀ ਇਜਾਜ਼ਤ ਨਹੀਂ ਮਿਲੀ
ਪਰ, ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡਿੰਗ ਦਾ ਨਿਰਧਾਰਿਤ ਸਮਾਂ ਲੰਘ ਜਾਣ ਕਾਰਨ ਜਹਾਜ਼ ਨੂੰ ਉੱਥੇ ਉਤਾਰਨ ਦੀ ਇਜਾਜ਼ਤ ਨਹੀਂ ਮਿਲ ਸਕੀ। ਇਸ ਤੋਂ ਬਾਅਦ ਜਹਾਜ਼ ਨੂੰ ਵਾਪਸ ਦਿੱਲੀ ਲਿਜਾਇਆ ਗਿਆ, ਜਿੱਥੇ ਇਸਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਕਰੀਬ ਦੋ ਘੰਟਿਆਂ ਬਾਅਦ ਦੁਬਾਰਾ ਇਜਾਜ਼ਤ ਮਿਲਣ 'ਤੇ ਜਹਾਜ਼ ਨੇ ਅੰਮ੍ਰਿਤਸਰ ਲਈ ਉਡਾਣ ਭਰੀ ਅਤੇ ਤੜਕੇ 2:20 ਵਜੇ ਅੰਮ੍ਰਿਤਸਰ ਏਅਰਪੋਰਟ 'ਤੇ ਸੁਰੱਖਿਅਤ ਉੱਤਰ ਗਿਆ।
ਯਾਤਰੀਆਂ ਨੂੰ 4 ਘੰਟੇ ਦੀ ਦੇਰੀ
ਇਸ ਘਟਨਾ ਕਾਰਨ ਯਾਤਰੀਆਂ ਨੂੰ ਕਰੀਬ ਚਾਰ ਘੰਟੇ ਦੀ ਦੇਰੀ ਦਾ ਸਾਹਮਣਾ ਕਰਨਾ ਪਿਆ। ਜਿਨ੍ਹਾਂ ਯਾਤਰੀਆਂ ਨੇ ਰਾਤ 10:30 ਵਜੇ ਤੱਕ ਅੰਮ੍ਰਿਤਸਰ ਪਹੁੰਚਣਾ ਸੀ, ਉਹ ਦੇਰ ਰਾਤ ਆਪਣੇ ਟਿਕਾਣੇ 'ਤੇ ਪਹੁੰਚ ਸਕੇ। ਏਅਰਪੋਰਟ ਅਧਿਕਾਰੀਆਂ ਅਨੁਸਾਰ ਤਕਨੀਕੀ ਖਰਾਬੀ ਕਾਰਨ ਜਹਾਜ਼ ਆਪਣੇ ਤੈਅ ਰੂਟ ਤੋਂ ਭਟਕ ਗਿਆ ਸੀ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।