Phagwara News: ਪੰਜਾਬ ਤੋਂ ਮੰਦਭਾਗੀ ਖਬਰ! DSP ਦੀ ਗੋਲੀ ਲੱਗਣ ਕਾਰਨ ਮੌਤ, ਇੰਝ ਵਾਪਰਿਆ ਦਰਦਨਾਕ ਭਾਣਾ

By:  Lajwinder Kaur April 21st 2026 02:03 PM -- Updated: April 21st 2026 02:18 PM

Punjab Police DSP Shot Dead in Phagwara: ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਸ਼ਹਿਰ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਫਗਵਾੜਾ ਵਿੱਚ ਡੀਐਸਪੀ (DSP) ਯੋਗੇਸ਼ ਕੁਮਾਰ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਆਪਣੀ ਹੀ ਸਰਕਾਰੀ ਰਿਵਾਲਵਰ ਤੋਂ ਗੋਲੀ ਚੱਲਣ ਕਾਰਨ ਮੌਤ ਹੋਈ ਹੈ।

ਇੰਝ ਵਾਪਰੀ ਘਟਨਾ 

ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਕਰੀਬ 7:30 ਵਜੇ ਪੁਲਿਸ ਸਟੇਸ਼ਨ ਸਦਰ ਫਗਵਾੜਾ ਦੇ ਕੋਲ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ (ਕੁਆਰਟਰ) ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਗੋਲੀ ਉਨ੍ਹਾਂ ਦੀ ਛਾਤੀ ਵਿੱਚ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਜਲੰਧਰ ਦੇ ਜੋਹਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਮੁੱਢਲੀ ਜਾਣਕਾਰੀ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਉਹ ਸਵੇਰੇ ਆਪਣੀ ਸਰਕਾਰੀ ਪਿਸਤੌਲ ਸਾਫ਼ ਕਰ ਰਹੇ ਸਨ, ਤਾਂ ਉਸ ਦੌਰਾਨ ਅਚਾਨਕ ਗੋਲੀ ਚੱਲ ਗਈ ਜੋ ਯੋਗੇਸ਼ ਕੁਮਾਰ ਦੀ ਛਾਤੀ ਵਿੱਚ ਜਾ ਲੱਗੀ। ਗੋਲੀ ਦੀ ਆਵਾਜ਼ ਸੁਣ ਕੇ ਨੇੜੇ ਰਹਿਣ ਵਾਲੇ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਕਿ ਇਹ ਗੋਲੀ ਹਾਦਸਾ ਸੀ ਜਾਂ ਕੋਈ ਹੋਰ ਕਾਰਨ।


SP ਬੋਲੇ - ਡਾਕਟਰਾਂ ਦਾ ਪੈਨਲ ਕਰੇਗਾ ਪੋਸਟਮਾਰਟਮ

ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਪੀ. ਮਾਧਵੀ ਸ਼ਰਮਾ ਮੌਕੇ 'ਤੇ ਪਹੁੰਚ ਗਏ ਸਨ। ਉਨ੍ਹਾਂ ਕਿਹਾ ਕਿ ਫਗਵਾੜਾ ਦੇ ਸਦਰ ਥਾਣੇ ਅਧੀਨ ਪੈਂਦੇ ਪੁਲਿਸ ਕੁਆਰਟਰ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ, ਜਿਸ ਵਿੱਚ ਸਾਡੇ ਡੀ.ਐਸ.ਪੀ. ਯੋਗੇਸ਼ ਕੁਮਾਰ ਸ਼ਰਮਾ ਦੀ ਮੌਤ ਹੋ ਗਈ ਹੈ। ਉਹ ਮੌਜੂਦਾ ਸਮੇਂ ਵਿੱਚ ਚੰਡੀਗੜ੍ਹ ਵਿਖੇ ਤਾਇਨਾਤ ਸਨ ਅਤੇ ਹਾਲ ਹੀ ਵਿੱਚ ਉਨ੍ਹਾਂ ਦਾ ਤਬਾਦਲਾ ANTF (ਐਂਟੀ ਨਾਰਕੋਟਿਕਸ ਟਾਸਕ ਫੋਰਸ) ਤੋਂ ਹੋਇਆ ਸੀ।

ਐਸ.ਪੀ. ਨੇ ਦੱਸਿਆ ਕਿ ਡੀ.ਐਸ.ਪੀ. ਨੇ ਆਪਣੀ ਨਵੀਂ ਪੋਸਟਿੰਗ ਕਾਰਨ ਆਪਣਾ ਹਥਿਆਰ ਜਮ੍ਹਾ ਕਰਵਾਉਣਾ ਸੀ। ਅੱਜ ਸਵੇਰੇ ਉੱਠ ਕੇ ਚਾਹ-ਨਾਸ਼ਤਾ ਕਰਨ ਤੋਂ ਬਾਅਦ ਉਹ ਆਪਣਾ ਹਥਿਆਰ ਸਾਫ਼ ਕਰ ਰਹੇ ਸਨ। ਸਫਾਈ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ (ਐਕਸੀਡੈਂਟਲ ਫਾਇਰ), ਜੋ ਉਨ੍ਹਾਂ ਦੀ ਛਾਤੀ ਵਿੱਚ ਲੱਗੀ। ਕੁਆਰਟਰ ਵਿੱਚ ਮੌਜੂਦ ਮੁਲਾਜ਼ਮ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਐਸ.ਪੀ. ਦਾ ਕਹਿਣਾ ਹੈ ਕਿ ਅਗਲੀ ਕਾਰਵਾਈ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕੀਤੀ ਜਾਵੇਗੀ ਅਤੇ ਸਾਰਾ ਪੁਲਿਸ ਵਿਭਾਗ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹਾ ਹੈ। ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਡਾਕਟਰਾਂ ਦਾ ਇੱਕ ਪੈਨਲ ਪੋਸਟਮਾਰਟਮ ਕਰੇਗਾ।


© Copyright Galactic Television & Communications Pvt. Ltd. 2026. All rights reserved.