ਪੰਜਾਬ ਪੁਲਿਸ ਦਾ ਫੇਕ ਸ਼ਰਾਬ ਰਿਕਵਰੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਚੀ ਤਰਥੱਲੀ, ਪ੍ਰਾਈਵੇਟ ਗੱਡੀ 'ਚ ਨੀਲਾ ਡਰੱਮ ਲਿਆ ਘਰ 'ਚ ਰੱਖਿਆ, ਹੁਣ ਤਿੰਨ ਮੁਲਾਜ਼ਮ ਲਾਈਨ ਹਾਜ਼ਰ

By:  Lajwinder Kaur April 11th 2026 05:24 PM -- Updated: April 11th 2026 05:37 PM

ਜਲੰਧਰ ਪੁਲਿਸ ਦੀ ‘ਨਸ਼ੇ ਵਿਰੁੱਧ ਜੰਗ’ ਮੁਹਿੰਮ ਤਹਿਤ ਕੀਤੀ ਗਈ ਇੱਕ ਕਾਰਵਾਈ ਦੀ CCTV ਫੁਟੇਜ ਸਾਹਮਣੇ ਆਈ ਹੈ, ਜਿਸ ਨੇ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਆਪਣੀ ਨਿੱਜੀ ਗੱਡੀ ਦੀ ਡਿੱਗੀ ਵਿੱਚ ਇੱਕ ਨੀਲਾ ਡਰੱਮ ਲੈ ਕੇ ਆਉਂਦੀ ਹੈ ਅਤੇ ਫਿਰ ਉਸੇ ਨੂੰ ਸ਼ਰਾਬ ਦੀ ਬਰਾਮਦਗੀ ਵਜੋਂ ਦਿਖਾ ਦਿੰਦੀ ਹੈ। ਇਸ ਤੋਂ ਬਾਅਦ ਪੁਲਿਸ ਨੇ 9 ਅਪ੍ਰੈਲ ਨੂੰ ਸ਼ਾਹਕੋਟ ਥਾਣੇ ਵਿੱਚ FIR ਨੰਬਰ-90 ਦਰਜ ਕੀਤੀ।

ਪੁਲਿਸ ਨੇ FIR ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਅਕਰਮ ਨਾਮ ਦੇ ਨੌਜਵਾਨ ਦੇ ਘਰੋਂ 35 ਲੀਟਰ ਲਾਹਣ (ਦੇਸੀ ਸ਼ਰਾਬ) ਬਰਾਮਦ ਕੀਤੀ ਹੈ। ਪੁਲਿਸ ਅਤੇ ਐਕਸਾਈਜ਼ ਟੀਮ ਦਾ ਕਹਿਣਾ ਸੀ ਕਿ ਇਹ ਲਾਹਣ ਤੂੜੀ ਵਾਲੇ ਕਮਰੇ ਵਿੱਚ ਪਏ ਨੀਲੇ ਡਰੱਮ ਵਿੱਚੋਂ ਮਿਲੀ। ਹਾਲਾਂਕਿ, CCTV ਫੁਟੇਜ ਵਿੱਚ ਪੁਲਿਸ ਮੁਲਾਜ਼ਮ ਖ਼ੁਦ ਗੱਡੀ ਦੀ ਡਿੱਗੀ ਵਿੱਚੋਂ ਉਹ ਨੀਲਾ ਡਰੱਮ ਕੱਢਦੇ ਹੋਏ ਸਾਫ਼ ਦਿਖਾਈ ਦੇ ਰਹੇ ਹਨ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਐਸ.ਐਚ.ਓ. (SHO) ਅਤੇ ਏ.ਐਸ.ਆਈ. (ASI) ਸਮੇਤ ਇੱਕ ਮਹਿਲਾ ਕਾਂਸਟੇਬਲ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਐਸ.ਐਸ.ਪੀ. (ਦੇਹਾਤੀ) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਐਸ.ਐਚ.ਓ. ਬਲਵਿੰਦਰ ਸਿੰਘ, ਏ.ਐਸ.ਆਈ. ਸੁਖਵਿੰਦਰ ਸਿੰਘ ਅਤੇ ਲੇਡੀ ਕਾਂਸਟੇਬਲ ਹੈਵਨਪ੍ਰੀਤ ਕੌਰ ਵਿਰੁੱਧ ਕਾਰਵਾਈ ਕੀਤੀ ਗਈ ਹੈ।

ਇਸ ਮਾਮਲੇ ਵਿੱਚ ਡੀ.ਆਈ.ਜੀ. (DIG) ਨਵੀਨ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਦੇ ਇਸ ਕਾਰਨਾਮੇ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਇਹ ਛਾਪੇਮਾਰੀ ਫਰਜ਼ੀ ਪਾਈ ਜਾਂਦੀ ਹੈ, ਤਾਂ ਜ਼ਿੰਮੇਵਾਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਨੂੰਨੀ ਐਕਸ਼ਨ ਲਿਆ ਜਾਵੇਗਾ।

CCTV ਫੁਟੇਜ ਨੇ ਖੋਲੀ ਪੋਲ

CCTV ਫੁਟੇਜ ਵਿੱਚ ਦਿਖਦਾ ਹੈ ਕਿ ਪਿੰਡ ਦੌਲਤਪੁਰ ਢੱਡਾ ਦੀ ਗਲੀ ਵਿੱਚ ਸਭ ਤੋਂ ਪਹਿਲਾਂ ਇੱਕ ਸਫੈਦ ਰੰਗ ਦੀ XUV ਗੱਡੀ ਆਉਂਦੀ ਹੈ। ਉਹ ਗੱਡੀ ਸਿੱਧੀ ਮੁਲਜ਼ਮ ਦੇ ਘਰ ਦੇ ਬਾਹਰ ਰੁਕਦੀ ਹੈ ਅਤੇ ਉਸ ਵਿੱਚੋਂ 3 ਲੋਕ ਬਾਹਰ ਨਿਕਲਦੇ ਹਨ।

ਗੱਡੀ 'ਚੋਂ ਨੀਲਾ ਡਰੱਮ ਕੱਢਿਆ: ਇਸ ਤੋਂ ਬਾਅਦ ਤਿੰਨੋਂ ਲੋਕ ਪਹਿਲਾਂ ਗਲੀ ਵਿੱਚ ਘੁੰਮਦੇ ਹਨ ਅਤੇ ਆਪਸ ਵਿੱਚ ਗੱਲਬਾਤ ਕਰਦੇ ਦਿਖਾਈ ਦਿੰਦੇ ਹਨ। ਫਿਰ ਉਹ ਗੱਡੀ ਦੀ ਡਿੱਗੀ ਖੋਲ੍ਹਦੇ ਹਨ ਅਤੇ 2 ਲੋਕ ਨੀਲਾ ਡਰੱਮ ਚੁੱਕ ਕੇ ਹੇਠਾਂ ਰੱਖਦੇ ਹਨ। ਇਸ ਤੋਂ ਤੁਰੰਤ ਬਾਅਦ ਉਹ ਉਸ ਡਰੱਮ ਨੂੰ ਮੁਲਜ਼ਮ ਦੇ ਘਰ ਅੰਦਰ ਲੈ ਜਾਂਦੇ ਹਨ।

ਰੇਡ ਕਰਨ ਪਹੁੰਚੀ ਪੁਲਿਸ ਟੀਮ: ਇਸ ਘਟਨਾ ਦੇ ਕੁਝ ਦੇਰ ਬਾਅਦ ਦੂਜੀ ਤਰਫੋਂ ਪੁਲਿਸ ਪਾਰਟੀ ਆਉਂਦੀ ਹੈ ਅਤੇ ਕਾਲੇ ਗੇਟ ਵਾਲੇ ਇੱਕ ਘਰ ਵਿੱਚ ਦਾਖਲ ਹੋ ਕੇ ਰੇਡ (ਛਾਪੇਮਾਰੀ) ਕਰਦੀ ਹੈ। ਕੈਮਰੇ ਵਿੱਚ ਕੁੱਲ 7 ਪੁਲਿਸ ਮੁਲਾਜ਼ਮ ਕੈਦ ਹੋਏ ਹਨ, ਜਿਨ੍ਹਾਂ ਵਿੱਚੋਂ 4 ਵਰਦੀ ਵਿੱਚ ਅਤੇ 3 ਸਾਦੇ ਕੱਪੜਿਆਂ ਵਿੱਚ ਸਨ। ਪੁਲਿਸ ਨੇ ਲਾਹਣ ਫੜਨ ਦੀ ਬਾਕਾਇਦਾ ਵੀਡੀਓਗ੍ਰਾਫੀ ਵੀ ਕਰਵਾਈ ਅਤੇ ਉਸੇ ਡਰੱਮ ਨੂੰ ਸੀਲ ਕਰਕੇ ਆਪਣੇ ਨਾਲ ਲੈ ਗਏ।

Related Post

ਜਲੰਧਰ 'ਚ ਕਾਂਗਰਸ ਨੂੰ ਵੱਡਾ ਝਟਕਾ: ਸਾਬਕਾ ਕੌਂਸਲਰ ਦਾ ਭਰਾ ਤੇ ਭਤੀਜਾ 'ਆਪ' 'ਚ ਸ਼ਾਮਲ
ਅਮਿਤ ਸ਼ਾਹ ਦਾ ਵੱਡਾ ਦਾਅਵਾ- ‘31 ਦਸੰਬਰ 2029 ਤੋਂ ਪਹਿਲਾਂ ਪੰਜਾਬ ਨੂੰ ਚਿੱਟੇ ਤੋਂ ਕਰਾਂਗੇ ਮੁਕਤ’; ਭਾਜਪਾ ਨੂੰ ਇੱਕ ਮੌਕਾ ਦੇਣ ਦੀ ਕੀਤੀ ਅਪੀਲ
ਵੱਡੀ ਖਬਰ! ਅਮਿਤ ਸ਼ਾਹ ਦੀ ਰੈਲੀ ਦੀ ਸਟੇਜ ਹੇਠਾਂ IED ਲਗਾ ਕੇ ਉਡਾਉਣ ਦੀ ਧਮਕੀ; ਜਲੰਧਰ-ਅੰਮ੍ਰਿਤਸਰ ਦੇ ਸਕੂਲਾਂ ਨੂੰ ਵੀ ਆਈ ਧਮਕੀ, ਖੁਫੀਆ ਏਜੰਸੀਆਂ ਤੇ ਪੁਲਿਸ ਅਲਰਟ 'ਤੇ
LPU ਬਵਾਲ ਮਾਮਲਾ: ਯੂਨੀਵਰਸਿਟੀ 10 ਦਿਨਾਂ ਲਈ ਬੰਦ, ਵਿਦਿਆਰਥੀਆਂ ਨੂੰ ਛੁੱਟੀ, ਇੰਟਰਨੈੱਟ ਸੇਵਾ ਬੰਦ; CM ਮਾਨ ਨੇ ਦਿੱਤੇ ਸਖ਼ਤ ਕਾਰਵਾਈ ਦੇ ਹੁਕਮ
ਆਪ ਹੋਈ ਹੋਰ ਮਜ਼ਬੂਤ! ਟਕਸਾਲੀ ਅਕਾਲੀ ਆਗੂ ਆਪਣੇ ਸਾਥੀਆਂ ਸਣੇ AAP ‘ਚ ਹੋਏ ਸ਼ਾਮਿਲ
ਪੰਜਾਬੀ ਦੇਣ ਧਿਆਨ! ਜਾਰੀ ਹੋਏ ਸਖਤ ਹੁਕਮ, ਬਿਨਾਂ ਹਾਈ ਸਿਕਿਓਰਟੀ ਨੰਬਰ ਪਲੇਟ ਵਾਲੀਆਂ ਗੱਡੀਆਂ ਨੂੰ ਪੈਟਰੋਲ-ਡੀਜ਼ਲ ਨਹੀਂ, ਰੈਸਟੋਰੈਂਟਾਂ ‘ਚ ਹਥਿਆਰਾਂ ‘ਤੇ ਰੋਕ

© Copyright Galactic Television & Communications Pvt. Ltd. 2026. All rights reserved.