PM ਮੋਦੀ ਦੇ ਦੌਰੇ ਤੋਂ ਪਹਿਲਾਂ ਜਲੰਧਰ 'ਚ ਹਾਈ ਅਲਰਟ: ਰੇਲਵੇ ਸਟੇਸ਼ਨ 'ਤੇ ਡੌਗ ਸਕੁਐਡ ਤਾਇਨਾਤ, ਚੱਪੇ-ਚੱਪੇ ‘ਤੇ ਪੁਲਿਸ…

ਭਲਕੇ (17 ਜੁਲਾਈ) ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ (PM Modi’s Visit Jalandhar) ਦੇ ਦੌਰੇ 'ਤੇ ਆ ਰਹੇ ਹਨ, ਜਿੱਥੇ ਉਹ ਮੁੜ-ਉਸਾਰੇ ਗਏ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦੇ ਇਸ ਅਹਿਮ ਦੌਰੇ ਨੂੰ ਦੇਖਦਿਆਂ ਪੰਜਾਬ ਪੁਲਿਸ ਨੇ ਸੁਰੱਖਿਆ ਪ੍ਰਬੰਧਾਂ ਨੂੰ ਬਹੁਤ ਸਖ਼ਤ ਕਰ ਦਿੱਤਾ ਹੈ।

By:  Lajwinder Kaur July 16th 2026 05:19 PM

ਭਲਕੇ (17 ਜੁਲਾਈ) ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ (PM Modi’s Visit Jalandhar) ਦੇ ਦੌਰੇ 'ਤੇ ਆ ਰਹੇ ਹਨ, ਜਿੱਥੇ ਉਹ ਮੁੜ-ਉਸਾਰੇ ਗਏ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦੇ ਇਸ ਅਹਿਮ ਦੌਰੇ ਨੂੰ ਦੇਖਦਿਆਂ ਪੰਜਾਬ ਪੁਲਿਸ ਨੇ ਸੁਰੱਖਿਆ ਪ੍ਰਬੰਧਾਂ ਨੂੰ ਬਹੁਤ ਸਖ਼ਤ ਕਰ ਦਿੱਤਾ ਹੈ। ਜਲੰਧਰ ਕੈਂਟ ਰੇਲਵੇ ਸਟੇਸ਼ਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।

DGP ਨੇ ਲਿਆ ਸੁਰੱਖਿਆ ਦਾ ਜਾਇਜ਼ਾ

ਪੰਜਾਬ ਦੇ ਡੀਜੀਪੀ (DGP) ਗੌਰਵ ਯਾਦਵ ਨੇ ਅੱਜ ਸ਼ਹਿਰ ਪਹੁੰਚ ਕੇ ਸੁਰੱਖਿਆ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ, ਪੁਲਿਸ ਕਮਿਸ਼ਨਰ ਅਤੇ ਕਈ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਕਪਤਾਨਾਂ (SSPs) ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਵਰਗੇ ਅਤਿ-ਵਿਸ਼ੇਸ਼ ਵੀਆਈਪੀ (VIP) ਦੇ ਦੌਰੇ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਪੁਲਿਸ ਨੇ ਸੁਰੱਖਿਆ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ।

ਡੀਜੀਪੀ ਗੌਰਵ ਯਾਦਵ ਨੇ ਸੰਭਾਲੀ ਕਮਾਨ

ਡੀਜੀਪੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਧਾਨ ਮੰਤਰੀ ਦੇ ਰੂਟ ਤੋਂ ਲੈ ਕੇ ਪ੍ਰੋਗਰਾਮ ਵਾਲੀ ਥਾਂ ਤੱਕ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ, ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਿਆ ਜਾ ਸਕੇ।

ਸੁਰੱਖਿਆ ਸਮੀਖਿਆ ਦੇ ਇਸ ਅਹਿਮ ਦੌਰੇ ਦੌਰਾਨ ਡੀਜੀਪੀ ਨਾਲ ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵੀ ਮੌਜੂਦ ਸਨ। ਇਸ ਤੋਂ ਇਲਾਵਾ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਬੁਲਾਏ ਗਏ ਐਸਐਸਪੀ (SSP) ਰੈਂਕ ਦੇ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਚੱਪੇ-ਚੱਪੇ 'ਤੇ ਨਜ਼ਰ ਰੱਖਣ ਲਈ ਡੌਗ ਸਕੁਐਡ (ਖੋਜੀ ਕੁੱਤੇ) ਅਤੇ ਬੰਬ ਨਿਰੋਧਕ ਦਸਤੇ ਦੀ ਮਦਦ ਲਈ ਜਾ ਰਹੀ ਹੈ।

ਯਾਤਰੀਆਂ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼

ਰੇਲਵੇ ਸਟੇਸ਼ਨ 'ਤੇ ਵਧਾਈ ਗਈ ਸੁਰੱਖਿਆ ਅਤੇ ਨਾਕਾਬੰਦੀ ਕਾਰਨ ਆਉਣ-ਜਾਣ ਵਾਲੇ ਯਾਤਰੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਆ ਵਿਵਸਥਾ ਬਣਾਈ ਰੱਖਣ ਵਿੱਚ ਪੁਲਿਸ ਦਾ ਸਹਿਯੋਗ ਕਰਨ। ਅਗਲੇ ਦੋ ਦਿਨਾਂ ਤੱਕ ਸਟੇਸ਼ਨ ਕੰਪਲੈਕਸ ਵਿੱਚ ਸੁਰੱਖਿਆ ਘੇਰਾ ਸਖ਼ਤ ਰਹੇਗਾ, ਤਾਂ ਜੋ ਪ੍ਰਧਾਨ ਮੰਤਰੀ ਮੋਦੀ ਦਾ ਇਹ ਦੌਰਾ ਬਿਨਾਂ ਕਿਸੇ ਰੁਕਾਵਟ ਦੇ ਸਫਲਤਾਪੂਰਵਕ ਨੇਪਰੇ ਚੜ੍ਹ ਸਕੇ।

ਟ੍ਰੈਫਿਕ ਜਾਮ ਵਿੱਚ ਫਸੀ ਐਂਬੂਲੈਂਸ

ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਕਈ ਰੂਟ ਡਾਇਵਰਟ ਕੀਤੇ ਗਏ ਹਨ, ਜਿਸ ਕਾਰਨ ਸੜਕਾਂ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ, ਟ੍ਰੈਫਿਕ ਜਾਮ ਵਿੱਚ ਇੱਕ ਐਂਬੂਲੈਂਸ ਵੀ ਫਸੀ ਹੋਈ ਦਿਖਾਈ ਦਿੱਤੀ, ਜਿਸ ਵਿੱਚ ਇੱਕ ਮਰੀਜ਼ ਮੌਜੂਦ ਸੀ। ਐਂਬੂਲੈਂਸ ਡਰਾਈਵਰ ਸ਼ੇਰ ਸਿੰਘ ਨੇ ਦੱਸਿਆ ਕਿ ਉਹ ਮਰੀਜ਼ ਨੂੰ ਮੁਕੇਰੀਆਂ ਤੋਂ ਲੈ ਕੇ ਆਏ ਹਨ ਅਤੇ ਲੰਬੇ ਜਾਮ ਕਾਰਨ ਰਸਤੇ ਵਿੱਚ ਫਸ ਗਏ ਹਨ। ਉਨ੍ਹਾਂ ਨੇ ਮਰੀਜ਼ ਨੂੰ ਡੀਐਮਸੀ (DMC) ਹਸਪਤਾਲ ਲੈ ਕੇ ਜਾਣਾ ਹੈ।

ਇਨ੍ਹਾਂ ਥਾਵਾਂ 'ਤੇ ਗੈਰ-ਜ਼ਰੂਰੀ ਯਾਤਰਾ ਤੋਂ ਬਚੋ

ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਪ੍ਰੋਗਰਾਮ ਵਾਲੀ ਥਾਂ ਨੈਸ਼ਨਲ ਹਾਈਵੇਅ-44 (NH-44) ਦੇ ਨੇੜੇ ਹੋਣ ਕਾਰਨ, ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਟ੍ਰੈਫਿਕ ਵਿੱਚ ਅਸਥਾਈ ਬਦਲਾਅ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 17 ਜੁਲਾਈ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5:30 ਵਜੇ ਤੱਕ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਠਾਨਕੋਟ ਨੂੰ ਜੋੜਨ ਵਾਲੇ NH-44 'ਤੇ ਗੈਰ-ਜ਼ਰੂਰੀ ਯਾਤਰਾ ਤੋਂ ਬਚਿਆ ਜਾਵੇ। ਜੇਕਰ ਕਿਸੇ ਵਿਅਕਤੀ ਲਈ ਇਸ ਸਮੇਂ ਦੌਰਾਨ ਸਫ਼ਰ ਕਰਨਾ ਜ਼ਰੂਰੀ ਹੈ, ਤਾਂ ਉਹ ਆਪਣੇ ਸਫ਼ਰ ਦਾ ਸਮਾਂ ਬਦਲ ਲੈਣ ਅਤੇ ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਯਾਤਰਾ ਕਰਨ।

ਆਮ ਲੋਕਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕਣਾ ਮਕਸਦ ਨਹੀਂ

ਸਪੈਸ਼ਲ ਡੀਜੀਪੀ (ਕਾਨੂੰਨ ਵਿਵਸਥਾ) ਪ੍ਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ ਕਰੀਬ 3:40 ਵਜੇ ਜਲੰਧਰ ਪਹੁੰਚਣਗੇ ਅਤੇ ਲਗਭਗ ਡੇਢ ਘੰਟੇ ਤੱਕ ਸ਼ਹਿਰ ਵਿੱਚ ਰਹਿਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਿਸ ਦਾ ਉਦੇਸ਼ ਆਮ ਲੋਕਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕਣਾ ਨਹੀਂ ਹੈ। ਜਿੱਥੇ ਜ਼ਰੂਰਤ ਹੋਵੇਗੀ, ਉੱਥੇ ਵਾਹਨਾਂ ਨੂੰ ਬਦਲਵੇਂ ਰੂਟਾਂ (alternative routes) ਰਾਹੀਂ ਕੱਢਿਆ ਜਾਵੇਗਾ।

ਪਾਬੰਦੀ ਘੱਟ ਤੋਂ ਘੱਟ ਸਮੇਂ ਲਈ ਲਗਾਈ ਜਾਵੇ

ਇਸ ਲਈ ਵੱਖ-ਵੱਖ ਥਾਵਾਂ 'ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ, ਜੋ ਯਾਤਰੀਆਂ ਨੂੰ ਬਦਲਵੇਂ ਰਸਤਿਆਂ ਬਾਰੇ ਜਾਣਕਾਰੀ ਦੇਣਗੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਪੁਲਿਸ ਦੀ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਮਾਰਗ 'ਤੇ ਪਾਬੰਦੀ ਘੱਟ ਤੋਂ ਘੱਟ ਸਮੇਂ ਲਈ ਲਗਾਈ ਜਾਵੇ, ਤਾਂ ਜੋ ਲੋਕਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।

ਜਨਤਾ ਦੀ ਸਹੂਲਤ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ

ਪ੍ਰਵੀਨ ਕੁਮਾਰ ਸਿਨਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਸਰਵਉੱਚ ਤਰਜੀਹ ਹੈ, ਪਰ ਇਸ ਦੇ ਨਾਲ ਹੀ ਆਮ ਜਨਤਾ ਦੀ ਸਹੂਲਤ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਇਸੇ ਉਦੇਸ਼ ਨਾਲ ਟ੍ਰੈਫਿਕ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਬਜਾਏ ਡਾਇਵਰਸ਼ਨ ਦੀ ਵਿਵਸਥਾ ਕੀਤੀ ਗਈ ਹੈ। ਟ੍ਰੈਫਿਕ ਡਾਇਵਰਸ਼ਨ ਅਤੇ ਸੁਰੱਖਿਆ ਪ੍ਰਬੰਧਾਂ ਨਾਲ ਸਬੰਧਤ ਵਿਸਤ੍ਰਿਤ ਪ੍ਰੈਸ ਨੋਟ ਜਲਦੀ ਹੀ ਜਾਰੀ ਕੀਤਾ ਜਾਵੇਗਾ।

Related Post

ਪੰਜਾਬੀਆਂ ਦੇ ਲਈ ਵੱਡੀ ਖਬਰ! ਐਤਵਾਰ ਨੂੰ ਵੀ ਖੁੱਲ੍ਹਣਗੇ ਡਾਕਘਰ: ਰੱਖੜੀ ਦੇ ਤਿਉਹਾਰ ਨੂੰ ਲੈ ਕੇ ਲਿਆ ਵੱਡਾ ਫੈਸਲਾ, ਆਧਾਰ ਕਾਰਡ ਦੀ ਸਹੂਲਤ ਵੀ ਮਿਲੇਗੀ
ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਵਾਪਰਿਆ ਭਾਣਾ: 400 ਫੁੱਟ ਡੂੰਘੀ ਖੱਡ 'ਚ ਡਿੱਗੀ ਕਾਰ, ਇੱਕ ਪਲ 'ਚ ਉਜੜਿਆ ਪਰਿਵਾਰ
ਸਵੇਰੇ-ਸਵੇਰੇ ਪੰਜਾਬ ‘ਚ ED ਦੀ ਦਬਿਸ਼; ਮਸ਼ਹੂਰ CA ਦੇ ਘਰ ਅਤੇ ਦਫ਼ਤਰ 'ਤੇ ਛਾਪਾ, ਕੇਜਰੀਵਾਲ ਨੇ ਭਾਜਪਾ ਨੂੰ ਘੇਰਿਆ
ਜਲੰਧਰ ਵਾਸੀ ਦੇਣ ਧਿਆਨ! ਇਹ ਵਾਲੇ ਰੂਟ ਦੀਆਂ ਟਰੇਨਾਂ ਰੱਦ, ਜਾਣ ਲਓ ਨਹੀਂ ਤਾਂ ਝੱਲਣੀ ਪਏਗੀ ਪ੍ਰੇਸ਼ਾਨੀ…
ਜਨਗਣਨਾ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ 82 ਅਧਿਆਪਕਾਂ 'ਤੇ ਵੱਡੀ ਕਾਰਵਾਈ! ਤਨਖਾਹਾਂ ਰੋਕਣ ਦੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ?
ਪੇਟ ਦਰਦ ਹੋਣ 'ਤੇ ਹਸਪਤਾਲ ਪਹੁੰਚੀ 9ਵੀਂ ਦੀ ਵਿਦਿਆਰਥਣ, ਡਾਕਟਰਾਂ ਦੇ ਖੁਲਾਸੇ ਨੇ ਉਡਾਏ ਹੋਸ਼, ਤੁਰੰਤ ਕਰਵਾਈ ਡਿਲਵਰੀ, ਬੱਚੇ ਨੂੰ ਦਿੱਤਾ ਜਨਮ, ਪੋਕਸੋ ਐਕਟ ਤਹਿਤ ਮਾਮਲਾ ਦਰਜ

© Copyright Galactic Television & Communications Pvt. Ltd. 2026. All rights reserved.