ਚੰਡੀਗੜ੍ਹ-ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਟਾਫ਼ ਤੇ ਬੱਚਿਆਂ ‘ਚ ਮੱਚੀ ਹਲਚਲ, ਪੁਲਿਸ ਤੇ ਬੰਬ ਸਕੁਐਡ ਕਰ ਰਹੀ ਜਾਂਚ…

By  Lajwinder Kaur April 6th 2026 11:15 AM -- Updated: April 6th 2026 11:39 AM

ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਅਜਿਹੀ ਧਮਕੀ ਭਰੀ ਈ-ਮੇਲਾਂ ਆ ਰਹੀਆਂ ਨੇ ਜਿਨ੍ਹਾਂ ਰਾਹੀਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਤੋਂ ਲੈ ਕੇ ਲੋਕਾਂ ਦੇ ਮਨਾਂ 'ਚ ਡਰ ਪੈਂਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਯਾਨੀਕਿ 6 ਅਪ੍ਰੈਲ ਤੋਂ ਮੁੜ ਤੋਂ ਪੰਜਾਬ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਵਾਲੀਆਂ ਮੇਲਾਂ ਆ ਰਹੀਆਂ ਹਨ। ਜਲੰਧਰ ਵਿੱਚ ਸੋਮਵਾਰ ਨੂੰ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਡੀ.ਪੀ.ਐੱਸ. (DPS) ਸਕੂਲ, ਮੇਅਰ ਵਰਲਡ ਸਕੂਲ ਅਤੇ ਇੱਕ ਹੋਰ ਡੀ.ਪੀ.ਐੱਸ. ਸਕੂਲ ਨੂੰ ਈ-ਮੇਲ ਰਾਹੀਂ ਇਹ ਧਮਕੀ ਭੇਜੀ ਗਈ ਹੈ, ਜਿਸ ਕਾਰਨ ਪੂਰੇ ਸ਼ਹਿਰ ਵਿੱਚ ਹੜਕੰਪ ਮਚ ਗਿਆ।

ਈ-ਮੇਲ ਵਿੱਚ ਬਹੁਤ ਹੀ ਇਤਰਾਜ਼ਯੋਗ ਭਾਸ਼ਾ ਵਰਤੀ ਗਈ ਸੀ, ਜਿਸ ਵਿੱਚ ਲਿਖਿਆ ਸੀ, "ਆਪਣੇ ਬੱਚਿਆਂ ਨੂੰ ਬਚਾਓ"। ਧਮਕੀ ਮਿਲਣ ਤੋਂ ਤੁਰੰਤ ਬਾਅਦ ਸਕੂਲ ਪ੍ਰਬੰਧਕ ਅਤੇ ਪ੍ਰਸ਼ਾਸਨ ਹਰਕਤ ਵਿੱਚ ਆ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਬੰਬ ਨਿਰੋਧਕ ਦਸਤੇ (Bomb Squad) ਦੇ ਨਾਲ ਮਿਲ ਕੇ ਸਕੂਲਾਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਬੰਬ ਨਿਰੋਧਕ ਦਸਤੇ (Bomb Squad) ਅਤੇ ਡੌਗ ਸਕੁਐਡ ਦੇ ਨਾਲ ਮੌਕੇ 'ਤੇ ਪਹੁੰਚ ਗਈਆਂ। ਉਨ੍ਹਾਂ ਨੇ ਸਕੂਲ ਕੰਪਲੈਕਸਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਈ-ਮੇਲ ਦੇ ਸਰੋਤ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਸਾਈਬਰ ਸੈੱਲ ਵੀ ਇਸ ਜਾਂਚ ਵਿੱਚ ਸ਼ਾਮਲ ਹੈ। ਸ਼ੁਰੂਆਤੀ ਜਾਂਚ ਵਿੱਚ ਇਸ ਨੂੰ ਸ਼ਰਾਰਤੀ ਅਨਸਰਾਂ ਦੀ ਹਰਕਤ ਮੰਨਿਆ ਜਾ ਰਿਹਾ ਹੈ, ਹਾਲਾਂਕਿ ਪੁਲਿਸ ਕੋਈ ਵੀ ਲਾਪਰਵਾਹੀ ਨਹੀਂ ਵਰਤ ਰਹੀ। ਲਗਾਤਾਰ ਮਿਲ ਰਹੀਆਂ ਅਜਿਹੀਆਂ ਧਮਕੀਆਂ ਕਾਰਨ ਮਾਪਿਆਂ ਵਿੱਚ ਚਿੰਤਾ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਈ-ਮੇਲ ਵਿੱਚ ਲਿਖੀਆਂ ਗਈਆਂ ਧਮਕੀ ਭਰੀਆਂ ਗੱਲਾਂ

ਧਮਕੀ ਵਾਲੀ ਈ-ਮੇਲ ਵਿੱਚ ਲਿਖਿਆ ਗਿਆ ਹੈ ਕਿ ਜਲੰਧਰ ਦੇ ਸਕੂਲਾਂ ਵਿੱਚ ਬੰਬ ਧਮਾਕੇ ਕੀਤੇ ਜਾਣਗੇ। ਇਸ ਵਿੱਚ ਲਿਖਿਆ ਹੈ— "ਆਪਣੇ ਬੱਚੇ ਬਚਾਓ, ਪੰਜਾਬ ਹੁਣ ਖਾਲਿਸਤਾਨ ਬਣੇਗਾ। 'ਦੇਹ ਸਿਵਾ ਬਰ ਮੋਹਿ' ਸ਼ੁਰੂ, ਜਨ-ਗਣ-ਮਨ ਬੰਦ ਕਰੋ।" ਈ-ਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬੰਬ ਅਤੇ ਗ੍ਰੇਨੇਡ ਨਾਲ ਹਮਲਾ ਹੋਵੇਗਾ; ਸਕੂਲਾਂ ਵਿੱਚ ਦੁਪਹਿਰ 1:11 ਵਜੇ ਅਤੇ ਮੇਅਰ ਦੇ ਦਫ਼ਤਰ ਵਿੱਚ 2:11 ਵਜੇ ਬੰਬ ਫਟਣਗੇ।

CM ਮਾਨ ਤੇ ਕੇਜਰੀਵਾਲ ਵੀ ਨਿਸ਼ਾਨੇ 'ਤੇ

ਈ-ਮੇਲ ਵਿੱਚ ਅੱਗੇ ਲਿਖਿਆ ਹੈ ਕਿ ਖਾਲਿਸਤਾਨ ਸਮਰਥਕ ਬੱਚਿਆਂ ਦੇ ਖ਼ਿਲਾਫ਼ ਨਹੀਂ ਹਨ, ਪਰ ਉਹ ਹਿੰਦੁਸਤਾਨ ਦੀ ਮੋਦੀ ਸਰਕਾਰ ਨੂੰ ਤਬਾਹ ਕਰ ਦੇਣਗੇ। ਇਸ ਵਿੱਚ ਕਿਹਾ ਗਿਆ ਹੈ ਕਿ ਖਾਲਿਸਤਾਨ ਵੋਟਾਂ ਨਾਲ ਜਾਂ ਬੰਬ ਨਾਲ ਲਿਆ ਜਾਵੇਗਾ। ਇਸ ਤੋਂ ਇਲਾਵਾ ਬੰਬ ਜਾਂ ਗ੍ਰੇਨੇਡ ਹਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਅੰਮ੍ਰਿਤਸਰ ਵਿੱਚ ਡਾ. ਬੀ.ਆਰ. ਅੰਬੇਡਕਰ ਦੇ ਸਟੈਚੂ (ਬੁੱਤ) ਨੂੰ 14 ਅਪ੍ਰੈਲ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਗੱਲ ਵੀ ਕਹੀ ਗਈ ਹੈ।

ਈ-ਮੇਲ ਭੇਜਣ ਵਾਲੇ ਨੇ ਆਪਣਾ ਪਤਾ 'ਖਾਲਿਸਤਾਨ ਨੈਸ਼ਨਲ ਆਰਮੀ' ਲਿਖਿਆ ਹੈ। ਇਸ ਦੇ ਹੇਠਾਂ ਇੰਜੀਨੀਅਰ ਗੁਰਨਾਖ ਸਿੰਘ, ਰੁਕਨਸ਼ਾਹ ਵਾਲਾ, ਡਾ. ਗੁਰਨਿਰਬੈਰ ਸਿੰਘ ਅਤੇ ਖਾਨ ਰਾਜਾਦਾ ਦੇ ਨਾਮ ਦਰਜ ਹਨ। ਪੁਲਿਸ ਹੁਣ ਇਨ੍ਹਾਂ ਨਾਵਾਂ ਅਤੇ ਈ-ਮੇਲ ਆਈਡੀ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਸਰਚ ਆਪ੍ਰੇਸ਼ਨ ਜਾਰੀ

ਚੰਡੀਗੜ੍ਹ ਵਿੱਚ ਵੀ ਬੰਬ ਧਮਾਕੇ ਦੀ ਧਮਕੀ ਮਿਲਣ ਤੋਂ ਬਾਅਦ ਭਾਰੀ ਹੜਕੰਪ ਮਚ ਗਿਆ ਹੈ। ਇਸ ਖ਼ਤਰਨਾਕ ਸੂਚਨਾ ਦੇ ਮਿਲਦੇ ਹੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ ਅਤੇ ਸਬੰਧਤ ਸਕੂਲਾਂ ਵਿੱਚ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ (ਤਲਾਸ਼ੀ ਮੁਹਿੰਮ) ਸ਼ੁਰੂ ਕਰ ਦਿੱਤੀ ਗਈ।

ਜਾਣਕਾਰੀ ਅਨੁਸਾਰ, ਚੰਡੀਗੜ੍ਹ ਦੇ ਸੈਕਟਰ-41, ਸੈਕਟਰ-32, ਸੈਕਟਰ-47 ਅਤੇ ਸੈਕਟਰ-45 ਵਿੱਚ ਸਥਿਤ ਸਕੂਲਾਂ ਨੂੰ ਇਹ ਧਮਕੀ ਭਰੀ ਈ-ਮੇਲ ਮਿਲੀ ਸੀ। ਧਮਕੀ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਟੀਮਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਕੰਪਲੈਕਸਾਂ ਨੂੰ ਖ਼ਾਲੀ ਕਰਵਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ 'ਤੇ ਬੰਬ ਨਿਰੋਧਕ ਦਸਤੇ (Bomb Squad) ਅਤੇ ਡੌਗ ਸਕੁਐਡ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਹਨ ਅਤੇ ਸਕੂਲ ਦੇ ਕੋਨੇ-ਕੋਨੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


© Copyright Galactic Television & Communications Pvt. Ltd. 2026. All rights reserved.