ਹਰਿਆਣਾ ‘ਚ ਘਰੇਲੂ ਸਿਲੰਡਰਾਂ ਨੂੰ ਲੈ ਕੇ ਮੱਚੀ ਹਾਹਾਕਾਰ, ਸਿਰਫ਼ 7 ਦਿਨਾਂ ਦਾ ਸਟਾਕ ਬਾਕੀ: ਏਜੰਸੀਆਂ 'ਤੇ ਲੱਗੀ ਭੀੜ; CM ਵੱਲੋਂ ਕਾਲਾਬਾਜ਼ਾਰੀ ਰੋਕਣ ਦੇ ਹੁਕਮ

By  Lajwinder Kaur March 11th 2026 02:29 PM -- Updated: March 11th 2026 02:35 PM

Haryana News: ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਦਾ ਅਸਰ ਹੁਣ ਭਾਰਤ ਦੇ ਸੂਬਿਆਂ ਚ ਸਾਫ ਨਜ਼ਰ ਆਉਣ ਲੱਗ ਪਿਆ ਹੈ। ਗੱਲ ਕਰੀਏ ਹਰਿਆਣਾ ਦੀ ਤਾਂ ਉੱਥੇ ਵੀ ਗੈਸ ਸਿਲੰਡਰ ਦੇ ਲਈ ਲੰਬੀਆਂ-ਲੰਬੀਆਂ ਲਾਈਨਾਂ ਦੇ ਨਜ਼ਾਰੇ ਨਜ਼ਰ ਆਉਣ ਲੱਗ ਪਏ ਹਨ। ਸਰਕਾਰ ਨੇ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਰੋਕ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਘਰੇਲੂ ਸਪਲਾਈ 'ਤੇ ਵੀ ਇਸਦਾ ਅਸਰ ਪੈ ਸਕਦਾ ਹੈ। ਪਹਿਲਾਂ ਜਿੱਥੇ ਘਰੇਲੂ ਸਿਲੰਡਰ ਦੀ ਡਿਲੀਵਰੀ 1 ਤੋਂ 2 ਦਿਨਾਂ ਵਿੱਚ ਹੋ ਜਾਂਦੀ ਸੀ, ਹੁਣ ਉਸ ਵਿੱਚ ਇੱਕ ਹਫ਼ਤੇ ਤੱਕ ਦਾ ਸਮਾਂ ਲੱਗ ਰਿਹਾ ਹੈ।

ਤਿੰਨੋਂ ਕੰਪਨੀਆਂ ਵੱਲੋਂ ਸਰਕਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ, ਇੰਡੀਅਨ ਆਇਲ ਕੋਲ ਇਸ ਸਮੇਂ ਲਗਭਗ 3.5 ਦਿਨਾਂ ਦਾ ਸਟਾਕ ਬਾਕੀ ਹੈ। ਭਾਰਤ ਪੈਟਰੋਲੀਅਮ ਕੋਲ ਘਰੇਲੂ ਸਪਲਾਈ ਲਈ ਲਗਭਗ 7.1 ਦਿਨਾਂ ਦਾ ਸਟਾਕ ਉਪਲਬਧ ਹੈ, ਜਦੋਂ ਕਿ ਹਿੰਦੁਸਤਾਨ ਪੈਟਰੋਲੀਅਮ ਕੋਲ ਲਗਭਗ 5.8 ਦਿਨਾਂ ਦਾ ਸਟਾਕ ਬਚਿਆ ਹੈ।

ਕੈਥਲ, ਰੇਵਾੜੀ ਅਤੇ ਫਰੀਦਾਬਾਦ ਵਿੱਚ ਗੈਸ ਏਜੰਸੀਆਂ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਆਨਲਾਈਨ ਬੁਕਿੰਗ ਨਹੀਂ ਹੋ ਪਾ ਰਹੀ ਅਤੇ ਫ਼ੋਨ 'ਤੇ ਓ.ਟੀ.ਪੀ. (OTP) ਵੀ ਨਹੀਂ ਆ ਰਹੇ।

ਦੂਜੇ ਪਾਸੇ, ਮੁੱਖ ਮੰਤਰੀ ਨਾਇਬ ਸੈਣੀ ਨੇ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ 'ਤੇ ਖ਼ੁਰਾਕ ਤੇ ਸਪਲਾਈ ਵਿਭਾਗ ਦੀ ਐਮਰਜੈਂਸੀ ਮੀਟਿੰਗ ਬੁਲਾਈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਗੈਸ ਦੀ ਕਿਸੇ ਵੀ ਤਰ੍ਹਾਂ ਦੀ ਕਾਲਾਬਾਜ਼ਾਰੀ ਨਾ ਹੋਵੇ ਅਤੇ ਲੋਕਾਂ ਵਿੱਚ ਘਬਰਾਹਟ ਪੈਦਾ ਨਾ ਹੋਣ ਦਿੱਤੀ ਜਾਵੇ।

ਅਜੇ ਵਿਆਹਾਂ ਦਾ ਸੀਜ਼ਨ ਵੀ ਚੱਲ ਰਿਹਾ ਹੈ, ਅਜਿਹੀ ਸਥਿਤੀ ਵਿੱਚ ਕੈਟਰਰਾਂ ਅਤੇ ਹੋਟਲ ਸੰਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

IOCL ਕੋਲ 3 ਦਿਨ, BPCL 7 ਦਿਨ ਅਤੇ HPCL ਕੋਲ 5 ਦਿਨਾਂ ਦਾ ਸਟਾਕ

ਹਰਿਆਣਾ ਵਿੱਚ ਤਿੰਨ ਤੇਲ ਕੰਪਨੀਆਂ - ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (BPCL) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (HPCL) - ਮਿਲ ਕੇ ਹਰ ਰੋਜ਼ ਲਗਭਗ 580 ਟਨ LPG ਗੈਸ ਕਮਰਸ਼ੀਅਲ ਵਰਤੋਂ ਲਈ ਭੇਜਦੀਆਂ ਹਨ। ਇਸ ਵਿੱਚ IOCL ਲਗਭਗ 221 ਟਨ, BPCL 232 ਟਨ ਅਤੇ HPCL 127.1 ਟਨ ਗੈਸ ਦੀ ਸਪਲਾਈ ਕਰਦੀ ਹੈ।

ਤਿੰਨੋਂ ਕੰਪਨੀਆਂ ਵੱਲੋਂ ਸਰਕਾਰ ਨੂੰ ਭੇਜੀ ਗਈ ਜਾਣਕਾਰੀ ਅਨੁਸਾਰ, ਹਰਿਆਣਾ ਦੇ ਘਰਾਂ ਵਿੱਚ ਹਰ ਰੋਜ਼ ਲਗਭਗ 3,053 ਟਨ LPG ਦੀ ਖਪਤ ਹੁੰਦੀ ਹੈ। ਇਸ ਵਿੱਚੋਂ IOCL ਲਗਭਗ 1,310 ਟਨ, BPCL ਲਗਭਗ 911 ਟਨ ਅਤੇ HPCL ਲਗਭਗ 832 ਟਨ ਗੈਸ ਦੀ ਸਪਲਾਈ ਕਰਦੀ ਹੈ।

10 ਮਾਰਚ ਤੱਕ ਦੇ ਅੰਕੜਿਆਂ ਮੁਤਾਬਕ, IOCL ਕੋਲ ਹਰਿਆਣਾ ਵਿੱਚ 2,966 ਟਨ LPG ਦਾ ਸਟਾਕ ਮੌਜੂਦ ਸੀ ਅਤੇ 1,624 ਟਨ ਗੈਸ ਅਜੇ ਰਸਤੇ ਵਿੱਚ ਸੀ। ਜੇਕਰ ਹੋਰ ਗੈਸ ਦੀ ਆਮਦ ਬੰਦ ਹੋ ਜਾਂਦੀ ਹੈ, ਤਾਂ ਇਹ ਸਟਾਕ ਸਿਰਫ਼ 3.5 ਦਿਨਾਂ ਤੱਕ ਹੀ ਘਰਾਂ ਦੀਆਂ ਲੋੜਾਂ ਪੂਰੀਆਂ ਕਰ ਸਕੇਗਾ।

ਇਸੇ ਤਰ੍ਹਾਂ, BPCL ਕੋਲ ਇਸ ਸਮੇਂ 4,238 ਟਨ LPG ਦਾ ਸਟਾਕ ਮੌਜੂਦ ਹੈ ਅਤੇ 2,213 ਟਨ ਗੈਸ ਰਸਤੇ ਵਿੱਚ ਹੈ, ਜਿਸ ਨਾਲ ਲਗਭਗ 7.1 ਦਿਨਾਂ ਤੱਕ ਘਰਾਂ ਵਿੱਚ ਗੈਸ ਦੀ ਸਪਲਾਈ ਕੀਤੀ ਜਾ ਸਕਦੀ ਹੈ। HPCL ਕੋਲ ਲਗਭਗ 4,232 ਟਨ LPG ਦਾ ਸਟਾਕ ਹੈ, ਜਿਸ ਵਿੱਚੋਂ 600 ਟਨ ਗੈਸ ਅਜੇ ਰਸਤੇ ਵਿੱਚ ਹੈ। ਜੇਕਰ ਸਪਲਾਈ ਰੁਕ ਜਾਂਦੀ ਹੈ, ਤਾਂ ਇਹ ਸਟਾਕ ਲਗਭਗ 5.8 ਦਿਨਾਂ ਤੱਕ ਘਰੇਲੂ ਸਿਲੰਡਰਾਂ ਦੀ ਮੰਗ ਨੂੰ ਪੂਰਾ ਕਰ ਸਕਦਾ ਹੈ।


Related Post

Haryana News: ਥਾਣੇ ਤੋਂ ਫ਼ਰਾਰ ਮੁਲਜ਼ਮ ਦਾ ਐਨਕਾਊਂਟਰ, ਫ਼ਤਿਹਾਬਾਦ ‘ਚ ASI 'ਤੇ ਚਲਾਈਆਂ ਗੋਲੀਆਂ, ਜਵਾਬੀ ਫਾਇਰਿੰਗ 'ਚ ਜ਼ਖਮੀ, 2 ਸੂਬਿਆਂ ‘ਚ 18 ਕੇਸ ਦਰਜ
Haryana News: ਪ੍ਰਸ਼ਾਸ਼ਨ ਦੀ ਵੱਡੀ ਕਾਰਵਾਈ! 6 ਪੁਲਿਸ ਮੁਲਾਜ਼ਮ ਸਸਪੈਂਡ, ਮਹਿਕਮੇ 'ਚ ਮਚੀ ਹਲਚਲ, ਜਾਣੋ ਪੂਰਾ ਮਾਮਲਾ
Haryana News: ਪੈਨਸ਼ਨਰਾਂ ਲਈ ਖੁਸ਼ਖਬਰੀ! CM ਸੈਣੀ ਨੇ ਜਾਰੀ ਕੀਤੇ ₹842.92 ਕਰੋੜ; 26 ਲੱਖ ਲੋਕਾਂ ਨੂੰ ਮਿਲੇਗਾ ਫ਼ਾਇਦਾ
ਲਾਡੋ ਲਕਸ਼ਮੀ V/S ਮਾਵਾਂ ਧੀਆਂ ਯੋਜਨਾ: ਹਰਿਆਣਾ 'ਚ ਉਮਰ ਤੇ ਆਮਦਨ ਦੀਆਂ ਸ਼ਰਤਾਂ; ਪੰਜਾਬ ਨੇ ਜ਼ਿਆਦਾ ਮਹਿਲਾਵਾਂ ਨੂੰ ਦਿੱਤਾ ਲਾਭ, ਕੌਣ ਹੈ ਬਿਹਤਰ?
Earthquake: ਰੇਵਾੜੀ 'ਚ ਭੂਚਾਲ ਦੇ ਝਟਕੇ: ਹਰਿਆਣਾ ਦੇ ਕਈ ਇਲਾਕਿਆਂ ‘ਚ ਹਿੱਲੀ ਧਰਤੀ, ਦਹਿਸ਼ਤ ਕਾਰਨ ਘਰਾਂ ਤੋਂ ਭੱਜੇ ਲੋਕ
Haryana News: ਜੀਂਦ ਦੀ ਫੈਕਟਰੀ 'ਚ ਭਿਆਨਕ ਅੱਗ, 5 ਮਹਿਲਾਵਾਂ ਦੀ ਮੌਤ, 17 ਮਜ਼ਦੂਰ ਝੁਲਸੇ; ਬਾਹਰੋਂ ਤਾਲਾ ਲੱਗਿਆ ਹੋਣ ਕਾਰਨ ਅੰਦਰ ਫਸੇ ਰਹੇ ਲੋਕ

© Copyright Galactic Television & Communications Pvt. Ltd. 2026. All rights reserved.