ਹਰਿਆਣਾ ਪੁਲਿਸ ਨੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਨੂੰ ਲਿਆ ਹਿਰਾਸਤ 'ਚ, ਸਿਆਸੀ ਗਲਿਰਿਆਂ 'ਚ ਮੱਚੀ ਹਲਚਲ

By  Lajwinder Kaur February 25th 2026 12:53 PM -- Updated: February 25th 2026 01:20 PM

Haryana News: ਹਿਸਾਰ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਜਿੱਥੇ  ਕਾਂਗਰਸ ਜ਼ਿਲ੍ਹਾ ਪ੍ਰਧਾਨ ਬ੍ਰਿਜਲਾਲ ਬਹਿਬਲਪੁਰੀਆ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ। ਕਾਂਗਰਸ ਵੱਲੋਂ 25 ਫਰਵਰੀ ਯਾਨੀਕਿ ਅੱਜ ਬੁੱਧਵਾਰ ਵਾਲੇ ਦਿਨ ਚੰਡੀਗੜ੍ਹ ਵਿੱਚ ਵਿਧਾਨ ਸਭਾ ਦੇ ਘਿਰਾਓ ਅਤੇ ਵਿਰੋਧ ਪ੍ਰਦਰਸ਼ਨ ਕਰਨਾ ਸੀ। ਜਿਸ ਕਰਕੇ ਇਸ ਪ੍ਰੋਗਰਾਮ ਨੂੰ ਦੇਖਦੇ ਹੋਏ, ਪੁਲਿਸ ਨੇ ਬੁੱਧਵਾਰ ਸਵੇਰੇ ਕਾਂਗਰਸ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਬ੍ਰਿਜਲਾਲ ਬਹਿਬਲਪੁਰੀਆ ਨੂੰ ਉਨ੍ਹਾਂ ਦੇ ਘਰੋਂ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਸਵੇਰੇ 5 ਵਜੇ ਉਨ੍ਹਾਂ ਦੇ ਪਿੰਡ ਬਹਿਬਲਪੁਰ ਸਥਿਤ ਜੱਦੀ ਘਰ ਤੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਹਿਸਾਰ ਦੇ ਸਦਰ ਥਾਣੇ ਲਿਆਉਂਦਾ ਗਿਆ ਹੈ।

ਬਰਵਾਲਾ ਵਿਧਾਨ ਸਭਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਵਾਲੇ ਭੁਪੇਂਦਰ ਗੰਗਵਾ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਸਾਬਕਾ ਚੇਅਰਮੈਨ ਭੁਪੇਂਦਰ ਗੰਗਵਾ ਬੁੱਧਵਾਰ ਨੂੰ ਜਦੋਂ ਚੰਡੀਗੜ੍ਹ ਵੱਲ ਨਿਕਲ ਰਹੇ ਸਨ, ਤਾਂ ਸੂਰੇਵਾਲਾ ਚੌਕ 'ਤੇ ਤਾਇਨਾਤ ਪੁਲਿਸ ਨੇ ਉਨ੍ਹਾਂ ਦੀ ਗੱਡੀ ਰੁਕਵਾ ਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਉਨ੍ਹਾਂ ਦੀਆਂ ਗੱਡੀਆਂ ਨੂੰ ਵੀ ਜ਼ਬਤ ਕਰ ਲਿਆ ਹੈ। ਜਾਣਕਾਰੀ ਮਿਲਣ ਤੋਂ ਬਾਅਦ ਕਾਂਗਰਸੀ ਵਰਕਰ ਇਕੱਠੇ ਹੋ ਰਹੇ ਹਨ।

"ਮਨਰੇਗਾ ਬਚਾਓ ਸੰਘਰਸ਼" ਦੇ ਤਹਿਤ ਘਿਰਾਓ

ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਸਵੇਰੇ 11 ਵਜੇ ਤੋਂ ਬੇਰੁਜ਼ਗਾਰੀ, ਵਿਗੜਦੀ ਕਾਨੂੰਨ ਵਿਵਸਥਾ ਅਤੇ ਸਰਕਾਰ ਦੀਆਂ ਕਥਿਤ ਲੋਕ-ਵਿਰੋਧੀ ਨੀਤੀਆਂ ਵਿਰੁੱਧ "ਵਿਧਾਨ ਸਭਾ ਘਿਰਾਓ" ਕਰੇਗੀ। ਪਾਰਟੀ ਨੇ ਵਰਕਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਨਰੇਗਾ ਯੋਜਨਾ ਵਿੱਚ ਕੀਤੇ ਬਦਲਾਅ ਅਤੇ ਹੋਰ ਪ੍ਰਸ਼ਾਸਨਿਕ ਚਿੰਤਾਵਾਂ ਵਿਰੁੱਧ ਆਪਣੀ ਜਮਹੂਰੀ ਆਵਾਜ਼ ਬੁਲੰਦ ਕਰਨ।

ਕਾਂਗਰਸ ਆਗੂ ਰਣਦੀਪ ਸੂਰਜੇਵਾਲਾ ਵੱਲੋਂ ਵੀ ਸੋਸ਼ਲ ਮੀਡੀਆ ਐਕਸ ਉੱਤੇ ਪੋਸਟ ਪਾ ਕੇ ਆਪਣੇ ਗੁੱਸਾ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ- "ਅੱਜ ਪ੍ਰਦੇਸ਼ ਕਾਂਗਰਸ ਪ੍ਰਧਾਨ @raonarenderinc ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵੱਲੋਂ ਹਰਿਆਣਾ ਵਿਧਾਨ ਸਭਾ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਦਾ ਮਕਸਦ ਬੈਂਕ ਫਰਾਡ, 14 ਲੱਖ ਤੋਂ ਵੱਧ ਗਰੀਬਾਂ ਦੇ ਰਾਸ਼ਨ ਕਾਰਡ ਕੱਟੇ ਜਾਣ, ਬਜ਼ੁਰਗਾਂ ਦੀ ਪੈਨਸ਼ਨ ਰੋਕਣ, ਮਜ਼ਦੂਰਾਂ ਲਈ ਮਨਰੇਗਾ ਖ਼ਤਮ ਕਰਨ ਅਤੇ ਹਰਿਆਣਾ ਦੇ ਨੌਜਵਾਨਾਂ ਨੂੰ ਨੌਕਰੀਆਂ ਤੋਂ ਵਾਂਝੇ ਰੱਖਣ ਵਰਗੇ ਅਨੇਕਾਂ ਮੁੱਦਿਆਂ 'ਤੇ ਭਾਜਪਾ ਸਰਕਾਰ ਦੀ ਜਵਾਬਦੇਹੀ ਤੈਅ ਕਰਨਾ ਹੈ। ਤਾਨਾਸ਼ਾਹੀ ਦਾ ਆਲਮ ਇਹ ਹੈ ਕਿ ਸ੍ਰੀਮਾਨ ਨਾਇਬ ਸੈਣੀ ਨੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਪੁਲਿਸ ਭੇਜ ਕੇ ਕਾਂਗਰਸੀ ਸਾਥੀਆਂ ਨੂੰ 'ਹਾਊਸ ਅਰੈਸਟ' ਕਰ ਰੱਖਿਆ ਹੈ। ਹਿਸਾਰ, ਅੰਬਾਲਾ, ਯਮੁਨਾਨਗਰ, ਪਾਣੀਪਤ ਅਤੇ ਫਰੀਦਾਬਾਦ ਤੋਂ ਕਈ ਸਾਥੀਆਂ ਦੇ ਫ਼ੋਨ, ਫੋਟੋਆਂ ਅਤੇ ਵੀਡੀਓਜ਼ ਆਏ ਹਨ। ਭਾਜਪਾ ਸਰਕਾਰ ਅਜਿਹੇ ਕਾਇਰਤਾ ਭਰੇ ਕਦਮ ਚੁੱਕ ਕੇ ਕਾਂਗਰਸ ਅਤੇ ਹਰਿਆਣਾ ਦੇ ਲੋਕਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ। ਪਰ ਇਹ ਜਾਣ ਲੈਣ ਕਿ ਉਹ ਇਸ ਸਾਜ਼ਿਸ਼ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣਗੇ। ਵਾਇਰਲ ਬੁਖ਼ਾਰ ਕਾਰਨ ਅੱਜ ਮੈਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕਾਂਗਾ। ਜਨਤਾ ਦੀ ਆਵਾਜ਼ ਬੁਲੰਦ ਕਰਨ ਦੇ ਇਸ ਫ਼ਰਜ਼ ਦੇ ਰਾਹ 'ਤੇ ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ।"


© Copyright Galactic Television & Communications Pvt. Ltd. 2026. All rights reserved.