ਹਰਿਆਣਾ ਦੇ ਸਾਬਕਾ ਅਗਨੀਵੀਰਾਂ ਲਈ ਖ਼ੁਸ਼ਖ਼ਬਰੀ: ਹੁਣ ਸਰਕਾਰੀ ਨੌਕਰੀਆਂ ‘ਚ ਮਿਲੇਗਾ 20% ਰਿਜ਼ਰਵੇਸ਼ਨ

ਅਗਨੀਵੀਰਾਂ ਦੇ ਲਈ ਇਸ ਸੂਬੇ ਤੋਂ ਚੰਗੀ ਖਬਰ ਸਾਹਮਣੇ ਆਈ ਹੈ। ਜੀ ਹਾਂ ਹਰਿਆਣਾ ਸਰਕਾਰ ਵੱਲੋਂ ਸਾਬਕਾ ਅਗਨੀਵੀਰਾਂ ਦੇ ਲਈ ਅਹਿਮ ਐਲਾਨ ਕੀਤਾ ਹੈ। ਜਿਸ ਦੇ ਚੱਲਦੇ ਸਰਕਾਰੀ ਨੌਕਰੀਆਂ ‘ਚ 20% ਰਿਜ਼ਰਵੇਸ਼ਨ ਮਿਲੇਗਾ।

By:  Lajwinder Kaur August 19th 2026 03:55 PM -- Updated: August 19th 2026 04:04 PM

ਹਰਿਆਣਾ ਸਰਕਾਰ ਨੇ ਸਾਬਕਾ ਅਗਨੀਵੀਰਾਂ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਂਦੇ ਹੋਏ ਅਹਿਮ ਐਲਾਨ ਕੀਤਾ ਹੈ।  ਹਰਿਆਣਾ ਸਰਕਾਰ ਨੇ ਕੁਝ ਵਿਸ਼ੇਸ਼ ਸਰਕਾਰੀ ਅਸਾਮੀਆਂ 'ਤੇ ਸਿੱਧੀ ਭਰਤੀ ਵਿਚ 20 ਪ੍ਰਤੀਸ਼ਤ, ਹੋਰ 'ਗਰੁੱਪ-ਸੀ' ਅਸਾਮੀਆਂ 'ਤੇ ਪੰਜ ਪ੍ਰਤੀਸ਼ਤ ਅਤੇ ਹੁਨਰ ਵਿਸ਼ੇਸ਼ਤਾ ਨਾਲ ਸਬੰਧਤ 'ਗਰੁੱਪ-ਬੀ' ਅਸਾਮੀਆਂ 'ਤੇ ਇਕ ਪ੍ਰਤੀਸ਼ਤ ਹਰੀਜੱਟਲ ਰਿਜ਼ਰਵੇਸ਼ਨ ਦਾ ਪ੍ਰਬੰਧ ਕੀਤਾ ਹੈ। ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਮੰਗਲਵਾਰ ਨੂੰ ਇਸ ਸਬੰਧ ਵਿੱਚ ਸੰਯੁਕਤ ਹੁਕਮ ਜਾਰੀ ਕੀਤੇ ਹਨ।

ਕਿਹੜੇ-ਕਿਹੜੇ ਮਹਿਕਮਿਆਂ 'ਚ ਮਿਲੇਗਾ ਲਾਭ

ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, 20 ਪ੍ਰਤੀਸ਼ਤ ਹਰੀਜੱਟਲ ਰਿਜ਼ਰਵੇਸ਼ਨ ਗ੍ਰਹਿ ਵਿਭਾਗ ਵਿੱਚ ਪੁਲਿਸ ਕਾਂਸਟੇਬਲ, ਇੰਡੀਅਨ ਰਿਜ਼ਰਵ ਬਟਾਲੀਅਨ (ਆਈ.ਆਰ.ਬੀ.) ਵਿੱਚ ਕਾਂਸਟੇਬਲ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ  (ਐਸ.ਡੀ.ਆਰ.ਐਫ.) ਵਿੱਚ ਕਾਂਸਟੇਬਲ, ਵਣ ਰੱਖਿਅਕ, ਜੇਲ੍ਹ ਵਿਭਾਗ ਵਿੱਚ ਵਾਰਡਨ, ਮਾਈਨਿੰਗ ਗਾਰਡ, ਵਣਜੀਵ ਰੱਖਿਅਕ ਅਤੇ ਫਾਇਰ ਆਪਰੇਟਰ-ਕਮ-ਡਰਾਈਵਰ ਦੇ ਅਹੁਦਿਆਂ 'ਤੇ ਲਾਗੂ ਹੋਵੇਗੀ। ਇਸ ਵੀਹ ਪ੍ਰਤੀਸ਼ਤ ਰਿਜ਼ਰਵੇਸ਼ਨ ਵਿੱਚ ਸ਼੍ਰੇਣੀਵਾਰ ਵੰਡ ਤਹਿਤ ਵਾਂਝੇ ਅਨੁਸੂਚਿਤ ਜਾਤੀ ਲਈ ਦੋ ਪ੍ਰਤੀਸ਼ਤ, ਹੋਰ ਅਨੁਸੂਚਿਤ ਜਾਤੀ ਲਈ ਦੋ ਪ੍ਰਤੀਸ਼ਤ, ਪੱਛੜੀ ਸ਼੍ਰੇਣੀ-ਏ ਲਈ ਤਿੰਨ ਪ੍ਰਤੀਸ਼ਤ, ਪੱਛੜੀ ਸ਼੍ਰੇਣੀ-ਬੀ ਲਈ ਦੋ ਪ੍ਰਤੀਸ਼ਤ, ਆਰਥਿਕ ਤੌਰ 'ਤੇ ਕਮਜ਼ੋਰ ਵਰਗ ਲਈ ਦੋ ਪ੍ਰਤੀਸ਼ਤ ਅਤੇ ਗੈਰ-ਰਾਖਵੇਂ ਵਰਗ ਲਈ ਨੌਂ ਪ੍ਰਤੀਸ਼ਤ ਰਿਜ਼ਰਵੇਸ਼ਨ ਹੋਵੇਗੀ।


ਇਸ ਪ੍ਰਕਾਰ ਦੋਨਾਂ ਅਨੁਸੂਚਿਤ ਜਾਤੀ ਸ਼੍ਰੇਣੀਆਂ ਨੂੰ ਮਿਲਾ ਕੇ ਸਾਬਕਾ ਅਗਨੀਵੀਰਾਂ ਲਈ ਨਿਰਧਾਰਤ 20 ਪ੍ਰਤੀਸ਼ਤ ਰਿਜ਼ਰਵੇਸ਼ਨ ਵਿੱਚ ਚਾਰ ਪ੍ਰਤੀਸ਼ਤ ਹਿੱਸਾ ਮਿਲੇਗਾ। ਵੀਹ ਪ੍ਰਤੀਸ਼ਤ ਰਿਜ਼ਰਵੇਸ਼ਨ ਦੇ ਦਾਇਰੇ ਵਿੱਚ ਆਉਣ ਵਾਲੇ ਅਹੁਦਿਆਂ ਨੂੰ ਛੱਡ ਕੇ ਹੋਰ ਗਰੁੱਪ-ਸੀ ਅਹੁਦਿਆਂ 'ਤੇ ਸਾਬਕਾ ਅਗਨੀਵੀਰਾਂ ਲਈ ਪੰਜ ਪ੍ਰਤੀਸ਼ਤ ਹਰੀਜੱਟਲ (ਖਿਤਿਜੀ) ਰਿਜ਼ਰਵੇਸ਼ਨ ਨਿਰਧਾਰਤ ਕੀਤੀ ਗਈ ਹੈ।


© Copyright Galactic Television & Communications Pvt. Ltd. 2026. All rights reserved.