ਸਰਪੰਚ ਨੇ ਚੋਰੀ ਕੀਤਾ AC? ਰੋਹਤਕ ਦੇ ਨੌਜਵਾਨ ਦੀ ਵਾਇਰਲ ਵੀਡੀਓ ਨੇ ਮੱਚੀ ਹਾਹਾਕਾਰ

By:  Lajwinder Kaur March 2nd 2026 12:51 PM -- Updated: March 2nd 2026 03:02 PM

ਰੋਹਤਕ ਦੇ ਪਿੰਡ ਬਾਲੰਦ ਵਿੱਚ ਸਰਪੰਚ ਉੱਤੇ ਸਰਕਾਰੀ ਜਾਇਦਾਦ ਦੀ ਚੋਰੀ ਦੇ ਗੰਭੀਰ ਇਲਜ਼ਾਮ ਲੱਗੇ ਹਨ। ਇਸ ਪਿੰਡ ਦੇ ਇੱਕ ਨੌਜਵਾਨ, ਬਸੰਤ ਬਰਾਕ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕਰਕੇ ਸਰਪੰਚ 'ਤੇ ਮਹਿਲਾ ਸੱਭਿਆਚਾਰਕ ਕੇਂਦਰ ਵਿੱਚੋਂ AC ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ। 

ਮਾਮਲਾ ਕੀ ਹੈ!

ਵਾਇਰਲ ਵੀਡੀਓ ਦੇ ਵਿੱਚ ਨੌਜਵਾਨ ਨੇ ਦੱਸਿਆ ਹੈ ਕਿ 22 ਸਤੰਬਰ 2025 ਨੂੰ ਪਿੰਡ ਵਿੱਚ ਔਰਤਾਂ ਲਈ ਇੱਕ ਸੱਭਿਆਚਾਰਕ ਕੇਂਦਰ ਬਣਾਇਆ ਗਿਆ ਸੀ, ਜਿਸਦਾ ਉਦਘਾਟਨ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕੀਤਾ ਸੀ। ਬਸੰਤ ਦਾ ਦਾਅਵਾ ਹੈ ਕਿ ਸਰਪੰਚ ਨੇ ਇਸ ਕੇਂਦਰ ਵਿੱਚ ਲੱਗਿਆ ਸਰਕਾਰੀ AC ਉਤਾਰ ਕੇ ਆਪਣੇ ਘਰ ਲਗਾ ਲਿਆ ਹੈ।

ਦਬਾਅ ਪਾਉਣ ਦੇ ਇਲਜ਼ਾਮ

ਪਹਿਲੀ ਵੀਡੀਓ ਤੋਂ ਬਾਅਦ ਨੌਜਵਾਨ ਦੀਆਂ ਦੋ ਹੋਰ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਉਸਨੇ ਦੱਸਿਆ ਕਿ ਸੱਚ ਬੋਲਣ ਕਾਰਨ ਸਰਪੰਚ ਵੱਲੋਂ ਉਸ 'ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਨੌਜਵਾਨ ਨੇ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਸਰਕਾਰੀ ਸੰਪਤੀ ਦੀ ਦੁਰਵਰਤੋਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਹੋ ਸਕੇ।

ਬਸੰਤ ਬਰਾਕ ਨੇ ਸਰਪੰਚ 'ਤੇ ਤਿੱਖੇ ਹਮਲੇ ਕਰਦਿਆਂ ਇਲਜ਼ਾਮ ਲਗਾਇਆ ਹੈ ਕਿ ਚੋਣਾਂ ਵੇਲੇ ਸਰਪੰਚ ਨੇ ਪਿੰਡ ਵਾਸੀਆਂ ਨਾਲ ਝੂਠੇ ਵਾਅਦੇ ਕੀਤੇ ਸਨ। ਉਸ ਨੇ ਦੱਸਿਆ ਕਿ ਲੋਕਾਂ ਨੂੰ ਵਿਕਾਸ ਦੇ ਵੱਡੇ-ਵੱਡੇ ਸੁਪਨੇ ਦਿਖਾਏ ਗਏ ਸਨ, ਪਰ ਚੋਣਾਂ ਜਿੱਤਣ ਤੋਂ ਬਾਅਦ ਉਹ ਸਾਰੇ ਸੁਫਨੇ ਚੂਰ-ਚੂਰ ਹੋ ਗਏ ਹਨ।

ਇੰਝ ਪਿੰਡ 'ਚ ਚੱਲ ਰਹੀ ਧਾਂਦਲੀ

ਬਸੰਤ ਅਨੁਸਾਰ, ਮਹਿਲਾ ਸੱਭਿਆਚਾਰਕ ਕੇਂਦਰ ਵਿੱਚੋਂ ਏਸੀ (AC) ਤੱਕ ਗਾਇਬ ਕਰ ਦੇਣਾ ਇਸ ਗੱਲ ਦਾ ਪੁਖ਼ਤਾ ਸਬੂਤ ਹੈ ਕਿ ਪਿੰਡ ਵਿੱਚ ਕਿਸ ਤਰ੍ਹਾਂ ਦੀ ਧਾਂਦਲੀ ਚੱਲ ਰਹੀ ਹੈ। ਉਸ ਨੇ ਅੱਗੇ ਕਿਹਾ ਕਿ ਪਿੰਡ ਦਾ ਵਿਕਾਸ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਸਰਪੰਚ ਨੇ ਹੁਣ ਤੱਕ ਕੋਈ ਵੀ ਕੰਮ ਸਹੀ ਤਰੀਕੇ ਨਾਲ ਨਹੀਂ ਕਰਵਾਇਆ।

ਬਸੰਤ ਬਰਾਕ ਨੇ ਬੜੀ ਬੇਬਾਕੀ ਨਾਲ ਕਿਹਾ ਕਿ ਉਹ ਗਾਇਕ ਮਾਸੂਮ ਸ਼ਰਮਾ ਵਾਂਗ ਮੁਆਫੀ ਨਹੀਂ ਮੰਗੇਗਾ। ਉਸ ਨੇ ਦੱਸਿਆ ਕਿ ਕੁਝ ਲੋਕ ਉਸ ਨੂੰ ਕਹਿ ਰਹੇ ਸਨ ਕਿ ਉਸ ਨੇ ਸਰਪੰਚ ਦੇ ਖਿਲਾਫ਼ ਬੋਲ ਕੇ ਗਲਤੀ ਕੀਤੀ ਹੈ ਅਤੇ ਉਸ ਨੂੰ ਵੀ ਮੁਆਫੀ ਮੰਗਣੀ ਪਵੇਗੀ, ਪਰ ਬਸੰਤ ਦਾ ਕਹਿਣਾ ਹੈ ਕਿ ਉਹ ਗਲਤ ਨਹੀਂ ਹੈ ਅਤੇ ਜੋ ਚੋਰ ਹੈ, ਉਸ ਨੂੰ ਚੋਰ ਹੀ ਕਿਹਾ ਜਾਵੇਗਾ।

ਉਸ ਨੇ ਸਵਾਲ ਉਠਾਇਆ ਕਿ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਤਾਂ ਹਿਸਾਬ ਮੰਗਣ ਲਈ ਤਿਆਰ ਰਹਿੰਦੇ ਹਨ, ਪਰ ਆਪਣੇ ਪਿੰਡ ਦੇ ਸਰਪੰਚ ਤੋਂ ਹਿਸਾਬ ਕਿਉਂ ਨਹੀਂ ਮੰਗਦੇ? ਬਸੰਤ ਨੇ ਸਾਫ਼ ਕਰ ਦਿੱਤਾ ਕਿ ਉਹ ਆਪਣੇ ਸਟੈਂਡ 'ਤੇ ਕਾਇਮ ਹੈ ਅਤੇ ਸੱਚਾਈ ਲਈ ਲੜਦਾ ਰਹੇਗਾ।

ਬਸੰਤ ਬਰਾਕ ਨੇ ਪਿੰਡ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹਦਿਆਂ ਦੱਸਿਆ ਕਿ ਪਿੰਡ ਵਿੱਚ ਵਿਕਾਸ ਦੇ ਨਾਂ 'ਤੇ ਕੋਈ ਕੰਮ ਨਹੀਂ ਕਰਵਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਸ਼ਮਸ਼ਾਨ ਘਾਟ ਦੇ ਬਾਹਰ ਵਾਲੀ ਗਲੀ ਵੀ ਉਦੋਂ ਬਣੀ ਜਦੋਂ ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਸਰਪੰਚ ਦਾ ਸਖ਼ਤ ਵਿਰੋਧ ਕੀਤਾ।

ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸੇ ਨਿੱਜੀ ਰੰਜਿਸ਼ ਕਾਰਨ ਨਹੀਂ ਬੋਲ ਰਹੇ, ਕਿਉਂਕਿ ਅੱਜ ਤੱਕ ਉਨ੍ਹਾਂ ਨੇ ਕਿਸੇ ਹੋਰ ਸਰਪੰਚ ਦੇ ਖਿਲਾਫ਼ ਇੱਕ ਸ਼ਬਦ ਵੀ ਨਹੀਂ ਬੋਲਿਆ। ਉਨ੍ਹਾਂ ਅਨੁਸਾਰ ਪਿਛਲੇ ਸਰਪੰਚਾਂ ਨੇ ਕਦੇ ਕੁਝ ਗਲਤ ਨਹੀਂ ਕੀਤਾ ਸੀ, ਪਰ ਮੌਜੂਦਾ ਸਰਪੰਚ ਦੀਆਂ ਮਨਮਾਨੀਆਂ ਕਾਰਨ ਉਨ੍ਹਾਂ ਨੂੰ ਆਵਾਜ਼ ਉਠਾਉਣੀ ਪਈ ਹੈ।

ਬਸੰਤ ਬਰਾਕ ਨੇ ਇਲਜ਼ਾਮ ਲਗਾਇਆ ਹੈ ਕਿ ਇੰਸਟਾਗ੍ਰਾਮ 'ਤੇ ਵੀਡੀਓ ਪਾਉਣ ਤੋਂ ਬਾਅਦ ਸਰਪੰਚ ਵੱਲੋਂ ਲਗਾਤਾਰ ਉਸ 'ਤੇ ਦਬਾਅ ਬਣਾਇਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਸਰਪੰਚ ਆਪਣੇ ਬੰਦਿਆਂ ਨੂੰ ਉਸ ਕੋਲ ਭੇਜ ਰਿਹਾ ਹੈ ਤਾਂ ਜੋ ਉਸ ਨੂੰ ਡਰਾਇਆ ਜਾ ਸਕੇ ਅਤੇ ਵੀਡੀਓ ਹਟਾਉਣ ਲਈ ਮਜਬੂਰ ਕੀਤਾ ਜਾ ਸਕੇ।

ਬਸੰਤ ਨੇ ਸਾਫ਼ ਕਰ ਦਿੱਤਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ। ਦੂਜੇ ਪਾਸੇ, ਖਬਰ ਲਿਖਣ ਤੱਕ ਇਸ ਪੂਰੇ ਮਾਮਲੇ ਬਾਰੇ ਸਰਪੰਚ ਨਿਤਿਨ ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ। 

© Copyright Galactic Television & Communications Pvt. Ltd. 2026. All rights reserved.