ਸਿਆਸੀ ਜਗਤ ‘ਚ ਮੱਚੀ ਹਲਚਲ! ਬਦਮਾਸ਼ਾਂ ਨੂੰ ਹਾਇਰ ਕਰਵਾ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਿਆ, ਇੰਝ ਰਚੀ ਗਈ ਸੀ ਸਾਜ਼ਿਸ਼, ਪੰਜ ਹਮਲਾਵਰ ਗ੍ਰਿਫਤਾਰ
ਸਿਰਸਾ ਵਿੱਚ ਆਪ (AAP) ਆਗੂ ਸੁਰਜੀਤ ਬੇਗੂ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਸੀਸੀਟੀਵੀ (CCTV) ਫੁਟੇਜ ਦੇ ਆਧਾਰ 'ਤੇ ਹਮਲਾਵਰਾਂ ਦੀ ਪਛਾਣ ਕਰ ਲਈ ਹੈ। ਪੁਲਿਸ ਅਨੁਸਾਰ, ਇਹ ਹਮਲਾਵਰ ਕਿਰਾਏ 'ਤੇ ਯਾਨੀਕਿ ਹਾਇਰ ਕੀਤੇ ਗਏ ਬਦਮਾਸ਼ ਸਨ। ਇਸ ਪੂਰੀ ਸਾਜ਼ਿਸ਼ ਦਾ ਅਸਲ ਮਾਸਟਰਮਾਈਂਡ ਕੋਈ ਹੋਰ ਹੈ, ਜਿਸ ਨੇ ਦੂਜੇ ਰਾਜ ਵਿੱਚ ਬੈਠ ਕੇ ਇਹ ਯੋਜਨਾ ਉਲੀਕੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਸ ਵਿੱਚ ਕਈ ਹੋਰ ਅਪਰਾਧੀ ਵੀ ਸ਼ਾਮਲ ਹੋ ਸਕਦੇ ਹਨ। ਮਾਮਲੇ ਦੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਹੁਣ ਤੱਕ ਪੰਜ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਹਾਲਾਂਕਿ, ਹਮਲੇ ਦਾ ਮੁੱਖ ਸਾਜ਼ਿਸ਼ਘੜਾ (ਮਾਸਟਰਮਾਈਂਡ) ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।
ਪੰਜ ਹਮਲਾਵਰ ਬਠਿੰਡਾ ਦੇ ਰਹਿਣ ਵਾਲੇ
ਪੁਲਿਸ ਅਨੁਸਾਰ, ਹਮਲਾਵਰਾਂ ਦੀ ਪਛਾਣ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚੋਂ ਪੰਜ ਹਮਲਾਵਰ ਪੰਜਾਬ ਦੇ ਬਠਿੰਡਾ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੇ ਸੁਰਜੀਤ ਨੂੰ ਗੱਡੀ ਨਾਲ ਟੱਕਰ ਮਾਰਨ ਤੋਂ ਬਾਅਦ ਜ਼ਮੀਨ 'ਤੇ ਸੁੱਟ ਲਿਆ ਅਤੇ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ। ਇਸ ਸਾਜ਼ਿਸ਼ ਵਿੱਚ ਜ਼ਿਲ੍ਹੇ ਦੇ ਕਰੀਵਾਲਾ ਪਿੰਡ ਦੇ ਤਿੰਨ ਨੌਜਵਾਨ ਵੀ ਸ਼ਾਮਲ ਹਨ, ਜਿਨ੍ਹਾਂ ਨੇ ਸੁਰਜੀਤ ਦੀ ਲੋਕੇਸ਼ਨ ਦੱਸ ਕੇ ਰੇਕੀ ਕੀਤੀ ਸੀ ਅਤੇ ਹਮਲਾਵਰਾਂ ਨੂੰ ਸਹੀ ਜਗ੍ਹਾ ਦੱਸਣ ਵਿੱਚ ਮਦਦ ਕੀਤੀ ਸੀ।
ਸਾਰੇ ਹਮਲਾਵਰ ਨਸ਼ੇ ਦੇ ਆਦੀ
ਉਨ੍ਹਾਂ ਦੀ ਸੂਚਨਾ ਦੇ ਆਧਾਰ 'ਤੇ ਹੀ ਹਮਲਾਵਰ ‘ਆਪ’ ਆਗੂ ਉੱਤੇ ਹਮਲਾ ਕਰਨ ਪਹੁੰਚੇ ਸਨ। ਪੰਜਾਬ ਦੇ ਇਹ ਪੰਜੇ ਨੌਜਵਾਨ ਨਸ਼ੇ ਦੇ ਆਦੀ ਹਨ ਅਤੇ ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਹਾਇਰ ਕੀਤਾ ਗਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਵਾਪਸ ਪੰਜਾਬ ਫ਼ਰਾਰ ਹੋ ਗਏ ਸਨ। ਪੁਲਿਸ ਮੁਤਾਬਕ, ਇਨ੍ਹਾਂ ਪੰਜਾਂ ਅਤੇ ਬਾਕੀ ਤਿੰਨਾਂ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ। ਇਹ ਪਹਿਲੀ ਵਾਰ ਕਿਸੇ ਅਪਰਾਧ ਨੂੰ ਅੰਜਾਮ ਦੇਣ ਆਏ ਸਨ ਅਤੇ ਪੁਲਿਸ ਦੇ ਹੱਥੇ ਚੜ੍ਹ ਗਏ।
ਮਾਸਟਰਮਾਈਂਡ ਦੇ ਫੜੇ ਜਾਣ 'ਤੇ ਖੁੱਲ੍ਹੇਗਾ ਭੇਤ
ਅਜੇ ਤੱਕ ਹਮਲੇ ਦੀ ਮੁੱਖ ਵਜ੍ਹਾ ਜਾਂ ਕਿਸੇ ਪੁਰਾਣੀ ਰੰਜਿਸ਼ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਮੁੱਖ ਮਾਸਟਰਮਾਈਂਡ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਮਾਸਟਰਮਾਈਂਡ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਇਹ ਰਾਜ਼ ਖੁੱਲ੍ਹ ਸਕੇਗਾ ਕਿ 'ਆਪ' ਆਗੂ 'ਤੇ ਹਮਲਾ ਕਿਉਂ ਕਰਵਾਇਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਸਾਰੀ ਸੱਚਾਈ ਸਾਹਮਣੇ ਲਿਆਉਂਦੀ ਜਾਵੇਗੀ।
ਹਮਲਾਵਰਾਂ ਨੇ ਉੱਠਣ ਤੱਕ ਦਾ ਮੌਕਾ ਨਹੀਂ ਦਿੱਤਾ
'ਆਪ' ਆਗੂ ਸੁਰਜੀਤ ਸਿੰਘ ਬੇਗੂ 21 ਅਪ੍ਰੈਲ ਦੀ ਸ਼ਾਮ ਨੂੰ ਸਿਰਸਾ ਆਏ ਸਨ। ਰਾਤ ਕਰੀਬ 9 ਵਜੇ ਜਦੋਂ ਉਹ ਬਾਈਕ 'ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਸ਼ਾਹਪੁਰ ਬੇਗੂ ਜਾ ਰਹੇ ਸਨ, ਤਾਂ ਨੋਹਰ ਰੋਡ 'ਤੇ ਕਾਰ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸੁਰਜੀਤ ਨੂੰ ਜ਼ਮੀਨ 'ਤੇ ਸੁੱਟ ਲਿਆ ਅਤੇ ਲਾਠੀਆਂ-ਡੰਡਿਆਂ ਨਾਲ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਨ੍ਹਾਂ ਨੂੰ ਸੰਭਲਣ ਜਾਂ ਉੱਠਣ ਤੱਕ ਦਾ ਮੌਕਾ ਵੀ ਨਹੀਂ ਦਿੱਤਾ।
ਇਸ ਹਮਲੇ ਦੀ ਇੱਕ ਸੀਸੀਟੀਵੀ (CCTV) ਫੁਟੇਜ ਵੀ ਕਾਫੀ ਵਾਇਰਲ ਹੋਈ ਸੀ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਟੱਕਰ ਲੱਗਦੇ ਹੀ ਸੁਰਜੀਤ ਉਛਲ ਕੇ ਸੜਕ ਦੇ ਦੂਜੇ ਪਾਸੇ ਜਾ ਡਿੱਗੇ। ਆਲਟੋ ਗੱਡੀ ਵਿੱਚ ਸਵਾਰ ਹਮਲਾਵਰਾਂ ਨੇ ਉਨ੍ਹਾਂ ਨੂੰ ਉੱਠਣ ਤੱਕ ਦਾ ਮੌਕਾ ਨਹੀਂ ਦਿੱਤਾ। ਸੁਰਜੀਤ ਦਰਦ ਨਾਲ ਤੜਪਦਾ ਰਹੇ, ਪਰ ਕਿਸੇ ਨੇ ਉਨ੍ਹਾਂ ਨੂੰ ਨਹੀਂ ਛੁਡਵਾਇਆ। ਅਖ਼ੀਰ ਸੜਕ ਤੋਂ ਗੁਜ਼ਰਨ ਵਾਲੇ ਵਾਹਨ ਚਾਲਕਾਂ ਦੀ ਭੀੜ ਇਕੱਠੀ ਹੋ ਗਈ, ਜਿਨ੍ਹਾਂ ਨੂੰ ਦੇਖ ਕੇ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ। ਸੁਰਜੀਤ ਦਾ ਪੈਰ ਫਰੈਕਚਰ ਹੋਣ ਕਾਰਨ ਉਨ੍ਹਾਂ ਦਾ ਆਪਰੇਸ਼ਨ ਕਰਨਾ ਪਿਆ ਅਤੇ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।