ਮਿਊਜ਼ਿਕ ਜਗਤ ਤੋਂ ਦੁਖਦਾਇਕ ਖਬਰ! ਦਰਦਨਾਕ ਹਾਦਸੇ ‘ਚ ਗਈ ਸਪੀਡ ਰਿਕਾਰਡਜ਼ ਦੇ ਮਾਲਕ ਦੇ ਪੁੱਤਰ ਦੀ ਜਾਨ, 3 ਨਵੰਬਰ ਨੂੰ ਹੋਏਗਾ ਅੰਤਿਮ ਸਸਕਾਰ

ਪੰਜਾਬ ਦੇ ਜਲੰਧਰ ਤੋਂ ਐਤਵਾਰ ਤੜਕਸਾਰ ਇੱਕ ਬੇਹੱਦ ਦਰਦਨਾਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੁਲਿਸ ਲਾਈਨ ਨੇੜੇ ਸਥਿਤ ਫਲਾਈਓਵਰ 'ਤੇ ਇੱਕ ਕਾਰ ਨਗਰ ਨਿਗਮ ਦੀ ਖੜ੍ਹੀ ਟਰੈਕਟਰ-ਟਰਾਲੀ ਨਾਲ ਪਿੱਛੇ ਤੋਂ ਟਕਰਾ ਗਈ।

By:  Lajwinder Kaur November 1st 2026 02:41 PM -- Updated: November 1st 2026 03:11 PM

ਪੰਜਾਬ ਦੇ ਜਲੰਧਰ ਤੋਂ ਐਤਵਾਰ ਤੜਕਸਾਰ ਇੱਕ ਬੇਹੱਦ ਦਰਦਨਾਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੁਲਿਸ ਲਾਈਨ ਨੇੜੇ ਸਥਿਤ ਫਲਾਈਓਵਰ 'ਤੇ ਇੱਕ ਕਾਰ ਨਗਰ ਨਿਗਮ ਦੀ ਖੜ੍ਹੀ ਟਰੈਕਟਰ-ਟਰਾਲੀ ਨਾਲ ਪਿੱਛੇ ਤੋਂ ਟਕਰਾ ਗਈ। ਇਸ ਭਿਆਨਕ ਹਾਦਸੇ ਵਿੱਚ ਦੋ ਦੋਸਤਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਦਾ ਭਤੀਜਾ ਦਿਵਿਤ ਔਲਕ(Divit Auluck) ਵੀ ਸ਼ਾਮਲ ਹੈ।

ਮ੍ਰਿਤਕਾਂ ਦੀ ਪਛਾਣ ਦਿਵਿਤ ਔਲਕ ਅਤੇ ਆਰਵ ਤਲਵਾਰ ਵਜੋਂ ਹੋਈ ਹੈ। ਦਿਵਿਤ ਪੰਜਾਬੀ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਜ਼ (Speed Records) ਦੇ ਮਾਲਕ ਦਿਨੇਸ਼ ਔਲਕ ਦੇ ਪੁੱਤਰ ਸਨ, ਜਦਕਿ ਆਰਵ ਤਲਵਾਰ ਪੱਪੀ ਸਵੀਟਸ ਦੇ ਮਾਲਕ ਦੇ ਪੁੱਤਰ ਸਨ। ਦੋਵੇਂ ਨੌਜਵਾਨ ਜਨਮਦਿਨ ਦੀ ਪਾਰਟੀ ਤੋਂ ਘਰ ਵਾਪਸ ਪਰਤ ਰਹੇ ਸਨ। ਇਸ ਹਾਦਸੇ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਦੋਵਾਂ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਹੈ।

ਭਤੀਜੇ ਦੀ ਮੌਤ 'ਤੇ ਹਨੀ ਸਿੰਘ ਨੇ ਜਤਾਇਆ ਦੁੱਖ

ਦਿਵਿਤ ਔਲਕ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਗਾਇਕ ਯੋ ਯੋ ਹਨੀ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ, "It's a dark decade for me. Loss of my nephew is devastating. Bhole Nath, mehr, mehr, mehr."


ਇਸ ਸੰਦੇਸ਼ ਰਾਹੀਂ ਹਨੀ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਲਈ ਦੁੱਖਾਂ ਭਰਿਆ ਦਹਾਕਾ ਹੈ ਅਤੇ ਆਪਣੇ ਭਤੀਜੇ ਨੂੰ ਗੁਆਉਣਾ ਉਨ੍ਹਾਂ ਲਈ ਬੇਹੱਦ ਦੁਖਦਾਈ ਹੈ। ਉਨ੍ਹਾਂ ਨੇ ਭੋਲੇਨਾਥ ਅੱਗੇ ਮਿਹਰ ਕਰਨ ਦੀ ਅਰਦਾਸ ਵੀ ਕੀਤੀ।

ਫਲਾਈਓਵਰ 'ਤੇ ਸਫ਼ਾਈ ਕਰ ਰਹੇ ਸਨ ਨਗਰ ਨਿਗਮ ਦੇ ਕਰਮਚਾਰੀ

ਥਾਣਾ ਬਾਰਾਂਦਰੀ ਦੇ ਐੱਸਐੱਚਓ ਸਾਹਿਲ ਚੌਧਰੀ ਅਨੁਸਾਰ ਪੁਲਿਸ ਨੂੰ ਐਤਵਾਰ ਤੜਕੇ ਕਰੀਬ 3 ਵਜੇ ਹਾਦਸੇ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਪਹੁੰਚ ਕੇ ਪਤਾ ਲੱਗਾ ਕਿ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਫਲਾਈਓਵਰ 'ਤੇ ਸਫ਼ਾਈ ਕਰ ਰਹੇ ਸਨ। ਕੂੜਾ ਇਕੱਠਾ ਕਰਨ ਅਤੇ ਉਸ ਨੂੰ ਲਿਜਾਣ ਲਈ ਉੱਥੇ ਟਰੈਕਟਰ-ਟਰਾਲੀ ਖੜ੍ਹੀ ਕੀਤੀ ਗਈ ਸੀ।

ਇਸੇ ਦੌਰਾਨ ਬੀਐੱਮਸੀ ਚੌਕ ਵੱਲੋਂ ਬੀਐੱਸਐੱਫ ਚੌਕ ਵੱਲ ਜਾ ਰਹੀ ਫੌਕਸਵੈਗਨ ਕਾਰ ਪਿੱਛੇ ਤੋਂ ਟਰੈਕਟਰ-ਟਰਾਲੀ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਸਵਾਰ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਕਾਰ ਵਿੱਚ ਸਵਾਰ ਸਨ ਪੰਜ ਨੌਜਵਾਨ

ਪੁਲਿਸ ਮੁਤਾਬਕ ਹਾਦਸੇ ਸਮੇਂ ਕਾਰ ਵਿੱਚ ਕੁੱਲ ਪੰਜ ਨੌਜਵਾਨ ਸਵਾਰ ਸਨ। ਇਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ, ਜਦਕਿ ਬਾਕੀ ਤਿੰਨ ਨੌਜਵਾਨ ਹਾਦਸੇ ਤੋਂ ਬਾਅਦ ਆਪਣੇ ਘਰ ਚਲੇ ਗਏ ਸਨ। ਪੁਲਿਸ ਵੱਲੋਂ ਹਾਦਸੇ ਨਾਲ ਜੁੜੇ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪਰਿਵਾਰਾਂ ਨੂੰ ਸੌਂਪੀਆਂ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ

ਐੱਸਐੱਚਓ ਸਾਹਿਲ ਚੌਧਰੀ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨੇ ਪੁਲਿਸ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਵੱਲੋਂ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ। ਜਨਮਦਿਨ ਦੀ ਪਾਰਟੀ ਤੋਂ ਘਰ ਪਰਤ ਰਹੇ ਦੋ ਦੋਸਤਾਂ ਦੀ ਮੌਤ ਨਾਲ ਦੋਵਾਂ ਪਰਿਵਾਰਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

3 ਨਵੰਬਰ ਨੂੰ ਹੋਏਗਾ ਅੰਤਿਮ ਸਸਕਾਰ 

ਸਪੀਡ ਰਿਕਾਰਡਜ਼ ਦੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਦਿਵਿਤ ਔਲਕ ਦਾ ਅੰਤਿਮ ਸਸਕਾਰ 3 ਨਵੰਬਰ 2026, ਮੰਗਲਵਾਰ ਨੂੰ ਦੁਪਹਿਰ 1 ਵਜੇ ਜਲੰਧਰ ਦੇ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਦਿਵਿਤ ਔਲਕ, ਦਿਨੇਸ਼ ਅਤੇ ਬਬੀਤਾ ਔਲਕ ਦੇ ਲਾਡਲੇ ਪੁੱਤਰ ਸਨ। ਉਨ੍ਹਾਂ ਦਾ ਜਨਮ 18 ਮਾਰਚ 2008 ਨੂੰ ਹੋਇਆ ਸੀ ਅਤੇ 1 ਨਵੰਬਰ 2026 ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਸਪੀਡ ਰਿਕਾਰਡਜ਼ ਪਰਿਵਾਰ ਵੱਲੋਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ ਗਈ ਹੈ।


© Copyright Galactic Television & Communications Pvt. Ltd. 2026. All rights reserved.