Bigg Boss ਦੇ ਸੈੱਟ 'ਤੇ ਸਲਮਾਨ ਖਾਨ ਨੇ ਕੀਤਾ ਸੀ ਵਾਅਦਾ, ਜਾਣੋ ਕਿਸ ਮਾਮਲੇ ਦੇ ਚੱਲਦੇ ਚੰਡੀਗੜ੍ਹ ਕੋਰਟ ਨੇ ਐਕਟਰ ਨੂੰ ਭੇਜਿਆ ਨੋਟਿਸ

ਚੰਡੀਗੜ੍ਹ ਦੀ ਅਦਾਲਤ ਨੇ ਅਦਾਕਾਰ ਸਲਮਾਨ ਖਾਨ, ਅਲਵੀਰਾ ਖਾਨ ਸਮੇਤ ਹੋਰਾਂ ਨੂੰ ਕਾਰੋਬਾਰੀ ਨਾਲ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਨੋਟਿਸ ਜਾਰੀ ਕਰਕੇ 5 ਅਕਤੂਬਰ ਤੱਕ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਸ਼ਿਕਾਇਤਕਰਤਾ ਅਰੁਣ ਗੁਪਤਾ ਦਾ ਦੋਸ਼ ਹੈ ਕਿ ਸਲਮਾਨ ਖਾਨ ਦੇ ਭਰੋਸੇ 'ਤੇ ਉਨ੍ਹਾਂ ਨੇ 3 ਕਰੋੜ ਰੁਪਏ ਲਗਾ ਕੇ ਸ਼ੋਰੂਮ ਖੋਲ੍ਹਿਆ, ਪਰ ਉਦਘਾਟਨ ਲਈ ਸਲਮਾਨ ਖੁਦ ਨਹੀਂ ਪਹੁੰਚੇ।

By:  Lajwinder Kaur August 6th 2026 11:39 AM -- Updated: August 6th 2026 11:58 AM

ਮਨੀਮਾਜਰਾ ਦੇ ਨਿਵਾਸੀ ਅਤੇ ਕਾਰੋਬਾਰੀ ਅਰੁਣ ਗੁਪਤਾ ਵੱਲੋਂ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅਤੇ ਹੋਰਾਂ ਖ਼ਿਲਾਫ਼ ਜੇ.ਐੱਮ.ਆਈ.ਸੀ. (JMIC) ਦੀ ਅਦਾਲਤ ਵਿੱਚ ਦਾਇਰ ਕੀਤੇ ਮਾਮਲੇ 'ਚ ਕੋਰਟ ਨੇ ਸਖ਼ਤ ਨੋਟਿਸ ਲੈਂਦਿਆਂ ਮੁਲਜ਼ਮਾਂ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਸਟਾਈਲ ਕੁਓਟੈਂਟ ਜਵੈਲਰੀ ਪ੍ਰਾਈਵੇਟ ਲਿਮਟਿਡ ਕੰਪਨੀ, ਪ੍ਰਸਾਦ ਬਿੰਦੂ ਮਾਧਵ, ਸੰਤੋਸ਼ ਸ਼੍ਰੀਵਾਸਤਵ, ਬੀਇੰਗ ਹਿਊਮਨ ਫਾਊਂਡੇਸ਼ਨ, ਅਦਾਕਾਰ ਸਲਮਾਨ ਖ਼ਾਨ ਅਤੇ ਅਲਵੀਰਾ ਖ਼ਾਨ ਅਗਨੀਹੋਤਰੀ ਨੂੰ ਨੋਟਿਸ ਭੇਜ ਕੇ 5 ਅਕਤੂਬਰ ਤੱਕ ਦਾਇਰ ਦੋਸ਼ਾਂ 'ਤੇ ਆਪਣਾ ਜਵਾਬ ਦਾਖ਼ਲ ਕਰਨ ਦੇ ਆਦੇਸ਼ ਦਿੱਤੇ ਹਨ।

ਜੇਕਰ ਅਦਾਲਤ ਇਹਨਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦੀ ਹੈ, ਤਾਂ ਮੁਲਜ਼ਮਾਂ ਨੂੰ ਸੰਮਨ ਵੀ ਜਾਰੀ ਕੀਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਸਾਲ 2021 ਵਿੱਚ ਯੂ.ਟੀ. ਪੁਲਿਸ ਵੱਲੋਂ ਵੀ ਸਲਮਾਨ ਖ਼ਾਨ ਨੂੰ ਨੋਟਿਸ ਭੇਜਿਆ ਗਿਆ ਸੀ, ਜਿਸ ਦਾ ਜਵਾਬ ਓਹਨਾਂ ਨੇ ਈ-ਮੇਲ ਰਾਹੀਂ ਦਿੱਤਾ ਸੀ।

3 ਕਰੋੜ ਰੁਪਏ ਦਾ ਕੀਤਾ ਸੀ ਨਿਵੇਸ਼

ਸ਼ਿਕਾਇਤਕਰਤਾ ਅਰੁਣ ਗੁਪਤਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਮੁੰਬਈ ਵਿੱਚ ਸ਼ੋਅ 'ਬਿਗ ਬੌਸ' ਦੇ ਸੈੱਟ 'ਤੇ ਓਹਨਾਂ ਦੀ ਮੁਲਾਕਾਤ ਸਲਮਾਨ ਖ਼ਾਨ ਨਾਲ ਹੋਈ ਸੀ। ਸਲਮਾਨ ਨੇ ਓਹਨਾਂ ਨੂੰ ਸ਼ੋਅਰੂਮ ਖੋਲ੍ਹਣ ਦੀ ਸਲਾਹ ਦਿੱਤੀ ਸੀ ਅਤੇ ਖ਼ੁਦ ਚੰਡੀਗੜ੍ਹ ਆ ਕੇ ਉਸ ਦਾ ਉਦਘਾਟਨ ਕਰਨ ਦਾ ਵਾਅਦਾ ਕੀਤਾ ਸੀ। ਸਲਮਾਨ ਦੇ ਇਸ ਭਰੋਸੇ 'ਤੇ ਅਰੁਣ ਗੁਪਤਾ ਨੇ ਸਾਲ 2018 ਵਿੱਚ 3 ਕਰੋੜ ਰੁਪਏ ਦਾ ਨਿਵੇਸ਼ ਕਰਕੇ ਮਨੀਮਾਜਰਾ ਵਿੱਚ ਸ਼ੋਅਰੂਮ ਖੋਲ੍ਹਿਆ। ਹਾਲਾਂਕਿ, ਉਦਘਾਟਨ ਸਮੇਂ ਸਲਮਾਨ ਖ਼ਾਨ ਆਪ ਨਹੀਂ ਆਏ ਅਤੇ ਓਹਨਾਂ ਨੇ ਆਪਣੀ ਭੈਣ ਅਲਵੀਰਾ ਦੇ ਪਤੀ ਅਤੁਲ ਅਗਨੀਹੋਤਰੀ ਨੂੰ ਭੇਜ ਦਿੱਤਾ।

© Copyright Galactic Television & Communications Pvt. Ltd. 2026. All rights reserved.