ਸਲਮਾਨ ਖ਼ਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਕੌਣ ਕਰੇਗਾ SLVC3 ਦੇ ਐਕਸ਼ਨ ਸੀਨ!

ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ‘SLVC3’ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੇ ਬਾਡੀ ਡਬਲ ਨੂੰ ਹਾਰਟ ਅਟੈਕ ਆਉਣ ਦੀ ਖ਼ਬਰ ਹੈ। ਬਾਡੀ ਡਬਲ ਦੀ ਗੈਰ-ਮੌਜੂਦਗੀ ਵਿੱਚ ਸਲਮਾਨ ਨੇ ਫ਼ਿਲਮ ਦੇ ਕੁਝ ਮੁਸ਼ਕਲ ਐਕਸ਼ਨ ਸੀਨ ਖ਼ੁਦ ਕਰਨ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਸ਼ੂਟਿੰਗ ਪ੍ਰਭਾਵਿਤ ਨਾ ਹੋਵੇ। ਰਿਪੋਰਟਾਂ ਮੁਤਾਬਕ ਫ਼ਿਲਮ ਦਾ ਨਾਂ ‘ਮੌਂਸਟਰ’ ਰੱਖਿਆ ਜਾ ਸਕਦਾ ਹੈ, ਹਾਲਾਂਕਿ ਮੇਕਰਸ ਵੱਲੋਂ ਅਜੇ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।

By:  Lajwinder Kaur August 22nd 2026 12:42 PM -- Updated: August 22nd 2026 12:51 PM

ਬਾਲੀਵੁੱਡ ਦੇ ਮਸ਼ਹੂਰ ਸਟਾਰ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'SLVC3' ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਵਾਮਸ਼ੀ ਪੈਡੀਪੱਲੀ ਦੀ ਅਗਵਾਈ ਹੇਠ ਬਣ ਰਹੀ ਇਸ ਐਕਸ਼ਨ ਫ਼ਿਲਮ ਦੀ ਸ਼ੂਟਿੰਗ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਇਸ ਦੌਰਾਨ ਫ਼ਿਲਮ ਦੇ ਸੈੱਟ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ; ਦੱਸਿਆ ਜਾ ਰਿਹਾ ਹੈ ਕਿ ਸ਼ੂਟਿੰਗ ਦੌਰਾਨ ਸਲਮਾਨ ਖ਼ਾਨ ਦੇ ਬਾਡੀ ਡਬਲ ਨੂੰ ਅਚਾਨਕ ਦਿਲ ਦਾ ਦੌਰਾ (ਹਾਰਟ ਅਟੈਕ) ਆ ਗਿਆ ਹੈ, ਜਿਸ ਕਾਰਨ ਉਹ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ ਵਿੱਚ ਨਹੀਂ ਹਨ। 

ਸਲਮਾਨ ਨੇ ਖ਼ੁਦ ਸੰਭਾਲੇ ਐਕਸ਼ਨ ਸੀਨ

ਰਿਪੋਰਟਾਂ ਮੁਤਾਬਕ, ਸਲਮਾਨ ਖ਼ਾਨ ਨੇ ਫ਼ਿਲਮ ਦੇ ਕੁਝ ਮੁਸ਼ਕਲ ਅਤੇ ਜੋਖ਼ਮ ਭਰੇ ਐਕਸ਼ਨ ਸੀਨ ਖ਼ੁਦ ਕਰਨ ਦਾ ਫ਼ੈਸਲਾ ਕੀਤਾ ਹੈ। ਸਲਮਾਨ ਖ਼ਾਨ ਪਹਿਲਾਂ ਵੀ ਆਪਣੀਆਂ ਕਈ ਫ਼ਿਲਮਾਂ ਵਿੱਚ ਐਕਸ਼ਨ ਅਤੇ ਸਟੰਟ ਸੀਨ ਖ਼ੁਦ ਕਰਦੇ ਰਹੇ ਹਨ। ਇਸ ਸਥਿਤੀ ਵਿੱਚ, ਉਨ੍ਹਾਂ ਨੇ ਬਾਡੀ ਡਬਲ ਦੀ ਗੈਰ-ਮੌਜੂਦਗੀ ਵਿੱਚ ਵੀ ਸ਼ੂਟਿੰਗ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਤੱਕ ਸਟੰਟ ਪਰਫਾਰਮਰ ਪੂਰੀ ਤਰ੍ਹਾਂ ਠੀਕ ਹੋ ਕੇ ਸੈੱਟ 'ਤੇ ਵਾਪਸ ਨਹੀਂ ਪਰਤਦੇ, ਤਦ ਤੱਕ ਸਲਮਾਨ ਖ਼ੁਦ ਜ਼ਰੂਰੀ ਐਕਸ਼ਨ ਸੀਨ ਸ਼ੂਟ ਕਰ ਰਹੇ ਹਨ।

ਫ਼ਿਲਮ ਦਾ ਨਾਂ ਰੱਖਿਆ ਜਾ ਸਕਦਾ ਹੈ 'ਮੌਂਸਟਰ'?

ਫ਼ਿਲਮ ਨਾਲ ਜੁੜੇ ਸੂਤਰਾਂ ਮੁਤਾਬਕ, ਸਲਮਾਨ ਖ਼ਾਨ ਨਹੀਂ ਚਾਹੁੰਦੇ ਕਿ ਬਾਡੀ ਡਬਲ ਦੀ ਸਿਹਤ ਖ਼ਰਾਬ ਹੋਣ ਕਾਰਨ ਫ਼ਿਲਮ ਦਾ ਸ਼ੂਟਿੰਗ ਸ਼ਡਿਊਲ ਪ੍ਰਭਾਵਿਤ ਹੋਵੇ। ਇਸ ਲਈ ਹੁਣ ਉਹ SLVC3 ਦੇ ਐਕਸ਼ਨ ਸੀਨ ਖ਼ੁਦ ਕਰਨਗੇ। ਫ਼ਿਲਮਫੇਅਰ ਦੀ ਰਿਪੋਰਟ ਮੁਤਾਬਕ, ਸਲਮਾਨ ਖ਼ਾਨ ਦੀ ਇਸ ਫ਼ਿਲਮ ਦਾ ਨਾਂ 'ਮੌਂਸਟਰ' ਤੱਕ ਰੱਖਿਆ ਜਾ ਸਕਦਾ ਹੈ। ਫ਼ਿਲਹਾਲ ਮੇਕਰਸ ਨੇ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।

© Copyright Galactic Television & Communications Pvt. Ltd. 2026. All rights reserved.