ਸੰਗੀਤ ਜਗਤ ਤੋਂ ਦੁਖਦਾਇਕ ਖਬਰ! ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ ਨੂੰ ਵੱਡਾ ਸਦਮਾ, ਪਤੀ ਲੈਫਟੀਨੈਂਟ ਕਰਨਲ ਸ਼ਰਨਜੀਤ ਗੁਲੇਰੀਆ ਦਾ ਦੇਹਾਂਤ, ਦਿੱਲੀ ਕੈਂਟ ਵਿਖੇ ਹੋਵੇਗਾ ਅੰਤਿਮ ਸੰਸਕਾਰ

ਪੰਜਾਬੀ ਸੰਗੀਤ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਪੰਜਾਬੀ ਲੋਕ ਗਾਇਕੀ ਦੀ ਦੁਨੀਆ ਵਿੱਚ ਆਪਣੀ ਮਿੱਠੀ ਆਵਾਜ਼ ਨਾਲ ਵੱਖਰੀ ਪਛਾਣ ਬਣਾਉਣ ਵਾਲੀ ਪ੍ਰਸਿੱਧ ਗਾਇਕਾ ਡੌਲੀ ਗੁਲੇਰੀਆ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਹੀ ਦੁਖਦਾਈ ਸਮਾਂ ਆਇਆ ਹੈ।

By:  Lajwinder Kaur September 7th 2026 11:50 AM -- Updated: September 7th 2026 12:07 PM

ਪੰਜਾਬੀ ਲੋਕ ਗਾਇਕੀ ਦੀ ਦੁਨੀਆ ਵਿੱਚ ਆਪਣੀ ਮਿੱਠੀ ਆਵਾਜ਼ ਨਾਲ ਵੱਖਰੀ ਪਛਾਣ ਬਣਾਉਣ ਵਾਲੀ ਪ੍ਰਸਿੱਧ ਗਾਇਕਾ ਡੌਲੀ ਗੁਲੇਰੀਆ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਹੀ ਦੁਖਦਾਈ ਸਮਾਂ ਆਇਆ ਹੈ। ਉਨ੍ਹਾਂ ਦੇ ਪਤੀ ਲੈਫਟੀਨੈਂਟ ਕਰਨਲ ਸ਼ਰਨਜੀਤ ਗੁਲੇਰੀਆ (ਕਰਨਲ ਐਸ.ਐਸ. ਗੁਲੇਰੀਆ) ਦਾ 5 ਸਤੰਬਰ ਵਾਲੇ ਦਿਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦਿੱਲੀ ਕੈਂਟ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।

ਪਤੀ ਦੇ ਇਸ ਅਚਾਨਕ ਵਿਛੋੜੇ ਨਾਲ ਗਾਇਕਾ ਦੇ ਪਰਿਵਾਰ ਅਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੇਸ਼-ਵਿਦੇਸ਼ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸੰਗੀਤ ਨਾਲ ਜੁੜੇ ਨਾਮਵਰ ਕਲਾਕਾਰ ਲਗਾਤਾਰ ਦੁੱਖ ਦਾ ਪ੍ਰਗਟਾਵਾ ਕਰਨ ਲਈ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ।


ਸੰਗੀਤਕ ਸਫ਼ਰ ਵਿੱਚ ਪਤੀ ਦਾ ਅਹਿਮ ਯੋਗਦਾਨ

ਡੌਲੀ ਗੁਲੇਰੀਆ ਅਤੇ ਕਰਨਲ ਐਸ.ਐਸ. ਗੁਲੇਰੀਆ ਦਾ ਵਿਆਹ ਸਾਲ 1970 ਵਿੱਚ ਹੋਇਆ ਸੀ। ਇਸ ਜੋੜੇ ਦੇ ਤਿੰਨ ਬੱਚੇ—ਧੀ ਸੁਨੈਨੀ ਸ਼ਰਮਾ ਅਤੇ ਦੋ ਪੁੱਤਰ ਦਿਲਪ੍ਰੀਤ ਸਿੰਘ ਤੇ ਅਮਨਪ੍ਰੀਤ ਸਿੰਘ ਹਨ। ਵਿਆਹ ਤੋਂ ਪਹਿਲਾਂ ਡੌਲੀ ਗੁਲੇਰੀਆ ਮੈਡੀਕਲ ਦੀ ਪੜ੍ਹਾਈ ਕਰਕੇ ਆਪਣੇ ਕਰੀਅਰ ਨੂੰ ਡਾਕਟਰੀ ਦੇ ਖੇਤਰ ਵਿੱਚ ਅੱਗੇ ਵਧਾਉਣਾ ਚਾਹੁੰਦੇ ਸਨ। ਪਰ ਵਿਆਹ ਅਤੇ ਬੱਚਿਆਂ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਨ੍ਹਾਂ ਨੂੰ ਆਪਣੀ ਸੰਗੀਤਕ ਸਿੱਖਿਆ ਜਾਰੀ ਰੱਖਣ ਲਈ ਪੂਰੀ ਤਰ੍ਹਾਂ ਪ੍ਰੇਰਿਤ ਕੀਤਾ।

ਕਰਨਲ ਗੁਲੇਰੀਆ ਦੇ ਹੌਂਸਲਾ ਅਫ਼ਜ਼ਾਈ ਕਾਰਨ ਹੀ ਡੌਲੀ ਗੁਲੇਰੀਆ ਨੇ ਮਹਾਨ ਉਸਤਾਦ 'ਖਾਨ ਸਾਹਿਬ' ਅਬਦੁਲ ਰਹਿਮਾਨ ਖਾਨ (ਪਟਿਆਲਾ ਘਰਾਣਾ) ਤੋਂ ਸ਼ਾਸਤਰੀ ਸੰਗੀਤ ਦੀ ਬਾਕਾਇਦਾ ਤਾਲੀਮ ਹਾਸਲ ਕੀਤੀ।

ਮੈਨੇਜਰ ਅਤੇ ਸਾਥੀ ਵਜੋਂ ਨਿਭਾਈ ਵੱਡੀ ਜ਼ਿੰਮੇਵਾਰੀ

ਕਰਨਲ ਐਸ.ਐਸ. ਗੁਲੇਰੀਆ ਨੇ ਸਿਰਫ਼ ਇੱਕ ਜੀਵਨ ਸਾਥੀ ਵਜੋਂ ਹੀ ਨਹੀਂ, ਸਗੋਂ ਇੱਕ ਮਜ਼ਬੂਤ ਢਾਲ ਬਣ ਕੇ ਡੌਲੀ ਗੁਲੇਰੀਆ ਦੇ ਪੇਸ਼ੇਵਰ ਕਰੀਅਰ ਨੂੰ ਸੰਭਾਲਿਆ। ਫੌਜ ਤੋਂ ਸੇਵਾਮੁਕਤੀ (Retirement) ਲੈਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਤਨੀ ਦੇ ਸੰਗੀਤਕ ਪ੍ਰੋਗਰਾਮਾਂ, ਸਟੇਜ ਸ਼ੋਅਜ਼ ਦੀਆਂ ਬੁਕਿੰਗਾਂ, ਆਡੀਓ ਰਿਕਾਰਡਿੰਗਾਂ ਅਤੇ ਮੀਡੀਆ ਨਾਲ ਜੁੜੇ ਸਾਰੇ ਕੰਮਾਂ ਦੀ ਮੁੱਖ ਜ਼ਿੰਮੇਵਾਰੀ ਆਪਣੇ ਹੱਥਾਂ ਵਿੱਚ ਲੈ ਲਈ ਸੀ।

ਮਹਾਨ ਵਿਰਸੇ ਦੀ ਵਾਰਿਸ

ਜ਼ਿਕਰਯੋਗ ਹੈ ਕਿ ਡੌਲੀ ਗੁਲੇਰੀਆ ਪੰਜਾਬੀ ਮਾਂ-ਬੋਲੀ ਦੀ ਮਹਾਨ ਕੋਇਲ ਅਤੇ ਮਕਬੂਲ ਲੋਕ ਗਾਇਕਾ ਸੁਰਿੰਦਰ ਕੌਰ ਦੀ ਸਪੁੱਤਰੀ ਹਨ। ਮਾਂ ਸੁਰਿੰਦਰ ਕੌਰ ਵੱਲੋਂ ਪੰਜਾਬੀ ਲੋਕ ਸੰਗੀਤ ਨੂੰ ਦਿੱਤੀ ਗਈ ਅਨਮੋਲ ਵਿਰਾਸਤ ਨੂੰ ਡੌਲੀ ਗੁਲੇਰੀਆ ਨੇ ਨਾ ਸਿਰਫ਼ ਸੰਭਾਲਿਆ, ਸਗੋਂ ਆਪਣੇ ਵਿਲੱਖਣ ਅੰਦਾਜ਼ ਵਿੱਚ ਅੱਗੇ ਵੀ ਵਧਾਇਆ।

ਡੌਲੀ ਗੁਲੇਰੀਆ ਦੀ ਜ਼ਿੰਦਗੀ ਇਹ ਸੁਨੇਹਾ ਦਿੰਦੀ ਹੈ ਕਿ ਪਰਿਵਾਰ ਦਾ ਸੱਚਾ ਸਹਿਯੋਗ ਅਤੇ ਅਥਾਹ ਪਿਆਰ ਕਿਸੇ ਵੀ ਕਲਾਕਾਰ ਨੂੰ ਸਿਖਰਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਕਰਨਲ ਐਸ.ਐਸ. ਗੁਲੇਰੀਆ ਅਤੇ ਡੌਲੀ ਗੁਲੇਰੀਆ ਦਾ ਸਾਂਝਾ ਸਫ਼ਰ ਪੰਜਾਬੀ ਸੰਗੀਤ ਜਗਤ ਵਿੱਚ ਹਮੇਸ਼ਾ ਇੱਕ ਪ੍ਰੇਰਣਾਦਾਇਕ ਮਿਸਾਲ ਵਜੋਂ ਯਾਦ ਰੱਖਿਆ ਜਾਵੇਗਾ।

© Copyright Galactic Television & Communications Pvt. Ltd. 2026. All rights reserved.