ਬਾਲੀਵੁੱਡ ਜਗਤ ਤੋਂ ਵੱਡੀ ਖਬਰ..ਇਹ ਨਾਮੀ ਅਦਾਕਾਰ ਮੁੜ ਜਾਏਗਾ ਜੇਲ੍ਹ! ਇਸ ਮਾਮਲੇ ‘ਚ ਹਾਈ ਕੋਰਟ ਨੇ ਖਾਰਜ ਕੀਤੀ ਅਪੀਲ
ਬਾਲੀਵੁੱਡ ਤੋਂ ਹੈਰਾਨ ਕਰਨ ਵਾਲੀ ਖਬਰ ਆਈ ਹੈ, ਜਿਸ ਕਰਕੇ ਮਨੋਰੰਜਨ ਜਗਤ 'ਚ ਹਲਚਲ ਮੱਚ ਗਈ ਹੈ। ਨਾਮੀ ਐਕਟਰ ਰਾਜਪਾਲ ਯਾਦਵ ਨੂੰ ਮੁੜ ਜੇਲ੍ਹ ਜਾਣਾ ਪੈਣਾ ਹੈ। ਜਾਣੋ ਪੂਰਾ ਮਾਮਲਾ ਹੈ ਕੀ?
ਬਾਲੀਵੁੱਡ ਤੋਂ ਇਸ ਸਮੇਂ ਵੱਡੀ ਖਬਰ ਆ ਰਹੀ ਹੈ, ਜੀ ਹਾਂ ਅਦਾਕਾਰ ਰਾਜਪਾਲ ਯਾਦਵ (Rajpal Yadav) ਚੈੱਕ ਬਾਊਂਸ ਮਾਮਲੇ ਵਿੱਚ ਮੁੜ ਜੇਲ੍ਹ ਜਾਣਗੇ। ਦਿੱਲੀ ਹਾਈ ਕੋਰਟ ਨੇ ਉਨ੍ਹਾਂ ਨੂੰ ਤਿੰਨ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਰਾਜਪਾਲ ਯਾਦਵ 'ਤੇ ਭਾਰੀ ਜੁਰਮਾਨਾ ਵੀ ਲਗਾਇਆ ਹੈ। ਅੱਜ ਸ਼ੁੱਕਰਵਾਰ, 10 ਜੁਲਾਈ ਨੂੰ ਦਿੱਲੀ ਹਾਈ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ, ਜਿਸ ਦੌਰਾਨ ਅਦਾਲਤ ਨੇ ਉਨ੍ਹਾਂ ਦੀ ਸਜ਼ਾ ਨੂੰ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ।
ਤਿੰਨ ਮਹੀਨੇ ਜੇਲ੍ਹ ‘ਚ ਕੱਟਣੇ ਪੈਣੇ
ਰਾਜਪਾਲ ਯਾਦਵ ਨੂੰ ਚੈੱਕ ਬਾਊਂਸ ਦੇ ਸਾਰੇ ਸੱਤ ਮਾਮਲਿਆਂ ਵਿੱਚ ਤਿੰਨ-ਤਿੰਨ ਮਹੀਨੇ ਦੀ ਸਾਧਾਰਨ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ, ਅਦਾਲਤ ਨੇ ਇਹ ਆਦੇਸ਼ ਦਿੱਤਾ ਹੈ ਕਿ ਇਹ ਸਾਰੀਆਂ ਸਜ਼ਾਵਾਂ ਇਕੱਠੀਆਂ (concurrently) ਚੱਲਣਗੀਆਂ। ਇਸ ਲਈ, ਅਦਾਕਾਰ ਨੂੰ ਕੁੱਲ ਮਿਲਾ ਕੇ ਸਿਰਫ਼ ਤਿੰਨ ਮਹੀਨੇ ਹੀ ਜੇਲ੍ਹ ਵਿੱਚ ਬਿਤਾਉਣੇ ਪੈਣਗੇ।
ਜਸਟਿਸ ਸਵਰਨ ਕਾਂਤਾ ਸ਼ਰਮਾ ਦੀ ਬੈਂਚ ਨੇ ਅਦਾਕਾਰ ਰਾਜਪਾਲ ਯਾਦਵ ਵੱਲੋਂ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰਦਿਆਂ ਉਨ੍ਹਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਜਸਟਿਸ ਸ਼ਰਮਾ ਨੇ ਕਿਹਾ ਕਿ ਰਾਜਪਾਲ ਯਾਦਵ ਨੂੰ ਅਦਾਲਤ ਵਿੱਚ ਦਿੱਤੇ ਗਏ ਆਪਣੇ ਵਾਅਦੇ (ਅੰਡਰਟੇਕਿੰਗ) ਨੂੰ ਪੂਰਾ ਕਰਨ ਲਈ ਕਈ ਮੌਕੇ ਦਿੱਤੇ ਗਏ ਸਨ, ਪਰ ਵਾਰ-ਵਾਰ ਮੌਕੇ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਅਦਾਲਤੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ।
ਅਦਾਲਤ ਨੇ ਹਰ ਮਾਮਲੇ ਵਿੱਚ 1.05 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਤਰ੍ਹਾਂ ਸੱਤਾਂ ਮਾਮਲਿਆਂ ਵਿੱਚ ਕੁੱਲ ਜੁਰਮਾਨਾ 7.35 ਕਰੋੜ ਰੁਪਏ ਬਣਦਾ ਹੈ। ਅਦਾਲਤ ਦੇ ਆਦੇਸ਼ ਅਨੁਸਾਰ, ਹਰ ਮਾਮਲੇ ਵਿੱਚ 1 ਕਰੋੜ 4 ਲੱਖ 75 ਹਜ਼ਾਰ ਰੁਪਏ ਸ਼ਿਕਾਇਤਕਰਤਾ ਨੂੰ ਅਤੇ 25 ਹਜ਼ਾਰ ਰੁਪਏ ਰਾਜ ਸਰਕਾਰ ਨੂੰ ਅਦਾ ਕਰਨੇ ਹੋਣਗੇ।
ਜਾਣੋ ਪੂਰਾ ਮਾਮਲਾ ਹੈ ਕੀ?
ਚੈੱਕ ਬਾਊਂਸ ਦਾ ਇਹ ਮਾਮਲਾ ਸਾਲ 2010 ਵਿੱਚ ਰਾਜਪਾਲ ਯਾਦਵ ਵੱਲੋਂ ਬਣਾਈ ਗਈ ਫ਼ਿਲਮ 'ਅਤਾ ਪਤਾ ਲਾਪਤਾ' ਨਾਲ ਜੁੜਿਆ ਹੋਇਆ ਹੈ। ਇਸ ਫ਼ਿਲਮ ਲਈ ਅਦਾਕਾਰ ਨੇ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਹਾਲਾਂਕਿ ਰਾਜਪਾਲ ਯਾਦਵ ਦਾ ਦਾਅਵਾ ਸੀ ਕਿ ਇਹ ਇੱਕ ਨਿਵੇਸ਼ (investment) ਸੀ। ਸਮੇਂ ਦੇ ਨਾਲ ਇਹ ਕਰਜ਼ਾ ਵੱਧ ਕੇ 9 ਕਰੋੜ ਰੁਪਏ ਹੋ ਗਿਆ। ਇਸੇ ਮਾਮਲੇ ਵਿੱਚ ਉਨ੍ਹਾਂ ਨੇ 5 ਫਰਵਰੀ 2026 ਨੂੰ ਤਿਹਾੜ ਜੇਲ੍ਹ ਵਿੱਚ ਆਤਮ-ਸਮਰਪਣ ਕੀਤਾ ਸੀ। ਉਸ ਔਖੇ ਸਮੇਂ ਦੌਰਾਨ ਸੋਨੂੰ ਸੂਦ ਸਮੇਤ ਕਈ ਹੋਰ ਅਦਾਕਾਰਾਂ ਨੇ ਉਨ੍ਹਾਂ ਦੀ ਮਦਦ ਵੀ ਕੀਤੀ ਸੀ।
ਰਾਜਪਾਲ ਯਾਦਵ ਨੇ ਇਹ ਵੀ ਦਾਅਵਾ ਕੀਤਾ ਸੀ ਕਿ, "ਆਉਣ ਵਾਲੇ ਸਾਲਾਂ ਵਿੱਚ ਮੇਰੇ ਕੋਲ ਬ੍ਰਾਂਡਿੰਗ ਲਈ 1200 ਕਰੋੜ ਰੁਪਏ ਦਾ ਕੰਮ ਹੈ। ਮੇਰੇ ਕੋਲ 4 ਸਮਝੌਤੇ (ਐਗਰੀਮੈਂਟ) ਹਨ, ਜਿਨ੍ਹਾਂ ਵਿੱਚ ਫ਼ਿਲਮਾਂ ਸ਼ਾਮਲ ਨਹੀਂ ਹਨ। ਕੋਈ ਪ੍ਰੋਜੈਕਟ 200 ਕਰੋੜ ਰੁਪਏ ਦਾ ਹੈ, ਤਾਂ ਕੋਈ 2000 ਕਰੋੜ ਰੁਪਏ ਦਾ। ਇਸ ਵਿੱਚੋਂ ਕੁਝ ਮੇਰੀ ਫੀਸ ਹੈ ਅਤੇ ਕੁਝ ਪ੍ਰੋਜੈਕਟਾਂ ਵਿੱਚ ਮੇਰਾ ਹਿੱਸਾ (ਸ਼ੇਅਰ) ਹੈ। ਮੇਰੀਆਂ 10 ਫ਼ਿਲਮਾਂ ਕਤਾਰ ਵਿੱਚ ਹਨ।"
ਤਿਹਾੜ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਜਪਾਲ ਯਾਦਵ ਨੇ ਕਿਹਾ ਸੀ, "ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਪੈਸਿਆਂ ਨਾਲ ਘਿਰਿਆ ਹੋਇਆ ਹਾਂ, ਰਾਜਪਾਲ ਇੱਕ ਚਲਦੀ-ਫਿਰਦੀ ਚੈੱਕਬੁੱਕ ਹੈ। ਮੈਂ ਪੈਸਾ ਕਮਾਉਂਦਾ ਹਾਂ, ਮੈਂ ਲੋਕਾਂ ਨੂੰ ਪੈਸਾ ਕਮਾਉਣ ਵਿੱਚ ਮਦਦ ਕਰਦਾ ਹਾਂ, ਅਤੇ ਕਈ ਘਰ ਇਸ 'ਤੇ ਨਿਰਭਰ ਕਰਦੇ ਹਨ।"
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਰਾਜਪਾਲ ਯਾਦਵ ਫ਼ਿਲਮ 'ਭੂਤ ਬੰਗਲਾ' ਅਤੇ 'ਵੈਲਕਮ ਟੂ ਦਾ ਜੰਗਲ' ਵਿੱਚ ਨਜ਼ਰ ਆਏ ਸਨ। ਇਨ੍ਹਾਂ ਦੋਵਾਂ ਫ਼ਿਲਮਾਂ ਨੇ ਬਾਕਸ ਆਫਿਸ 'ਤੇ ਕਾਫ਼ੀ ਚੰਗੀ ਕਮਾਈ ਕੀਤੀ ਸੀ।