ਜਹਾਜ਼ 'ਚ ਗਿੱਪੀ ਗਰੇਵਾਲ ਨਾਲ ਬਦਸਲੂਕੀ! ਬਿਜ਼ਨਸ ਕਲਾਸ ਦੀ ਟਿਕਟ ਦੇ ਕੇ ਇਕਾਨਮੀ ਸੀਟ 'ਤੇ ਬਿਠਾਇਆ, ਵਿਰੋਧ ਕਰਨ 'ਤੇ ਕਿਹਾ- ‘ਹੇਠਾਂ ਉਤਰ ਜਾਓ’

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਫਲਾਈਟ ਵਿੱਚ ਆਪਣੇ ਨਾਲ ਹੋਏ ਤਜ਼ਰਬੇ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪੁਰਾਣਾ ਟਵਿੱਟਰ) ਉੱਤੇ ਪੋਸਟ ਕਰਕੇ ਦੋਸ਼ ਲਾਇਆ ਕਿ ਉਨ੍ਹਾਂ ਨੇ ਬਿਜ਼ਨਸ ਕਲਾਸ ਦੀ ਸੀਟ ਲਈ ਪੈਸੇ ਦਿੱਤੇ ਸਨ, ਪਰ ਉਨ੍ਹਾਂ ਨੂੰ ਇਕਾਨਮੀ ਕਲਾਸ ਵਿੱਚ ਸੀਟ ਦੇ ਦਿੱਤੀ ਗਈ।

By:  Lajwinder Kaur September 17th 2026 10:22 AM -- Updated: September 17th 2026 10:26 AM

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਫਲਾਈਟ ਵਿੱਚ ਆਪਣੇ ਨਾਲ ਹੋਏ ਤਜ਼ਰਬੇ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪੁਰਾਣਾ ਟਵਿੱਟਰ) ਉੱਤੇ ਪੋਸਟ ਕਰਕੇ ਦੋਸ਼ ਲਾਇਆ ਕਿ ਉਨ੍ਹਾਂ ਨੇ ਬਿਜ਼ਨਸ ਕਲਾਸ ਦੀ ਸੀਟ ਲਈ ਪੈਸੇ ਦਿੱਤੇ ਸਨ, ਪਰ ਉਨ੍ਹਾਂ ਨੂੰ ਇਕਾਨਮੀ ਕਲਾਸ ਵਿੱਚ ਸੀਟ ਦੇ ਦਿੱਤੀ ਗਈ।

ਏਅਰਲਾਈਨ ਵਾਲੇ ਬੋਲੇ- ਹੁਣ ਕੁਝ ਨਹੀਂ ਕੀਤਾ ਜਾ ਸਕਦਾ

ਗਿੱਪੀ ਮੁਤਾਬਕ, ਜਦੋਂ ਉਨ੍ਹਾਂ ਨੇ ਏਅਰਲਾਈਨ ਦੇ ਸਟਾਫ਼ ਨਾਲ ਇਸ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਗਿੱਪੀ ਨੇ ਲਿਖਿਆ ਕਿ ਸਟਾਫ਼ ਵੱਲੋਂ ਉਨ੍ਹਾਂ ਨੂੰ ਮੂਲ ਰੂਪ ਵਿੱਚ ਇਹ ਕਹਿ ਦਿੱਤਾ ਗਿਆ ਕਿ ਅਜਿਹਾ ਹੋ ਗਿਆ ਹੈ ਅਤੇ ਹੁਣ ਕੁਝ ਨਹੀਂ ਕੀਤਾ ਜਾ ਸਕਦਾ।

ਗਾਇਕ ਮੁਤਾਬਕ, ਉਨ੍ਹਾਂ ਨੂੰ ਫਲਾਈਟ ਲੈਣ ਜਾਂ ਛੱਡਣ ਦੀ ਗੱਲ ਕਹੀ ਗਈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਲਗਾਤਾਰ ਇਸ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ਜਹਾਜ਼ ਤੋਂ ਉਤਾਰਨ ਦੀ ਗੱਲ ਕਹੀ ਗਈ। ਇਹ ਪੂਰਾ ਦਾਅਵਾ ਗਿੱਪੀ ਗਰੇਵਾਲ ਦੀ ਸੋਸ਼ਲ ਮੀਡੀਆ ਪੋਸਟ ਉੱਤੇ ਅਧਾਰਤ ਹੈ।

ਗਾਇਕ ਬੋਲੇ- ਵਾਧੂ ਸਹੂਲਤ ਨਹੀਂ, ਸਿਰਫ਼ ਆਪਣੀ ਸੀਟ ਮੰਗੀ ਸੀ

ਗਿੱਪੀ ਗਰੇਵਾਲ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਉਹ ਏਅਰਲਾਈਨ ਤੋਂ ਕੋਈ ਵਾਧੂ ਸਹੂਲਤ ਨਹੀਂ ਮੰਗ ਰਹੇ ਸਨ। ਉਨ੍ਹਾਂ ਦੀ ਮੰਗ ਸਿਰਫ਼ ਇੰਨੀ ਸੀ ਕਿ ਜਿਸ ਬਿਜ਼ਨਸ ਕਲਾਸ ਦੀ ਸੀਟ ਲਈ ਉਨ੍ਹਾਂ ਨੇ ਪੈਸੇ ਦਿੱਤੇ ਹਨ, ਉਹੀ ਸੀਟ ਉਨ੍ਹਾਂ ਨੂੰ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਆਖਿਰ ਅਜਿਹਾ ਕਿਉਂ ਹੋਇਆ।

ਉਨ੍ਹਾਂ ਇਹ ਵੀ ਕਿਹਾ ਕਿ ਇਸ ਦੌਰਾਨ ਉਨ੍ਹਾਂ ਤੋਂ ਇੱਕ ਸਾਧਾਰਨ ਮੁਆਫੀ ਤੱਕ ਨਹੀਂ ਮੰਗੀ ਗਈ। ਗਿੱਪੀ ਨੇ ਏਅਰਲਾਈਨ ਦੇ ਰਵੱਈਏ ਨੂੰ ਲੈ ਕੇ ਨਿਰਾਸ਼ਾ ਜਤਾਉਂਦਿਆਂ ਇਸ ਨੂੰ ਆਪਣਾ ਬਹੁਤ ਮਾੜਾ ਤਜ਼ਰਬਾ ਦੱਸਿਆ।

ਏਅਰ ਕੈਨੇਡਾ ਨੇ ਮੰਗੀ ਮੁਆਫੀ, ਕਿਹਾ- ਮਾਮਲੇ ਨੂੰ ਦੇਖਾਂਗੇ

ਗਿੱਪੀ ਦੀ ਪੋਸਟ ਤੋਂ ਬਾਅਦ ਏਅਰ ਕੈਨੇਡਾ ਨੇ X ਉੱਤੇ ਜਵਾਬ ਦਿੱਤਾ। ਏਅਰਲਾਈਨ ਨੇ ਇਸ ਘਟਨਾ ਉੱਤੇ ਅਫ਼ਸੋਸ ਜਤਾਉਂਦਿਆਂ ਮੁਆਫੀ ਮੰਗੀ ਅਤੇ ਗਿੱਪੀ ਨੂੰ ਕਿਹਾ ਕਿ ਉਹ ਆਪਣਾ ਬੁਕਿੰਗ ਰੈਫਰੈਂਸ ਅਤੇ ਟਿਕਟ ਉੱਤੇ ਦਰਜ ਪੂਰਾ ਨਾਮ/ਨਾਮਾਂ ਦੀ ਜਾਣਕਾਰੀ ਡੀ.ਐੱਮ. (DM) ਰਾਹੀਂ ਭੇਜਣ, ਤਾਂ ਜੋ ਏਅਰਲਾਈਨ ਇਸ ਮਾਮਲੇ ਦੀ ਜਾਂਚ ਕਰ ਸਕੇ।

ਇਸ ਤੋਂ ਬਾਅਦ ਏਅਰਲਾਈਨ ਨੇ ਬੁਕਿੰਗ ਰੈਫਰੈਂਸ ਅਤੇ ਨਾਮ ਭੇਜਣ ਲਈ ਕਿਹਾ, ਤਾਂ ਜੋ ਮਾਮਲੇ ਨੂੰ ਦੇਖਿਆ ਜਾ ਸਕੇ। ਏਅਰਲਾਈਨ ਦੇ ਜਵਾਬ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਗਿੱਪੀ ਨੂੰ ਬਿਜ਼ਨਸ ਕਲਾਸ ਤੋਂ ਇਕਾਨਮੀ ਵਿੱਚ ਕਿਉਂ ਬਿਠਾਇਆ ਗਿਆ ਸੀ ਜਾਂ ਸੀਟ ਬਦਲਣ ਦੀ ਸਥਿਤੀ ਕਿਸ ਕਾਰਨ ਬਣੀ?

ਏਸੀ 1504 ਟੋਰਾਂਟੋ ਤੋਂ ਨਿਊਯਾਰਕ ਜਾਂਦੀ ਹੈ

ਜਿਸ ਉਡਾਣ ਨੂੰ ਲੈ ਕੇ ਗਿੱਪੀ ਨੇ ਸ਼ਿਕਾਇਤ ਕੀਤੀ ਹੈ, ਉਹ ਏਅਰ ਕੈਨੇਡਾ ਦੀ AC1504 ਹੈ। ਫਲਾਈਟ ਰਿਕਾਰਡ ਦੇ ਮੁਤਾਬਕ, ਇਹ ਫਲਾਈਟ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ (YYZ) ਤੋਂ ਨਿਊਯਾਰਕ ਦੇ ਨੇਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ (EWR) ਵਿਚਕਾਰ ਚੱਲਦੀ ਹੈ।

16 ਸਤੰਬਰ 2026 ਦੀ AC1504 ਲਈ ਤੈਅਸ਼ੁਦਾ ਉਡਾਣ ਦਾ ਸਮਾਂ ਟੋਰਾਂਟੋ ਤੋਂ ਦੁਪਹਿਰ 12 ਵਜੇ ਅਤੇ ਨੇਵਾਰਕ ਪਹੁੰਚਣ ਦਾ ਸਮਾਂ ਦੁਪਹਿਰ 1:35 ਵਜੇ ਦਰਜ ਹੈ। ਇਸ ਉਡਾਣ ਲਈ ਏਅਰਬੱਸ-A320 ਦਾ ਵੇਰਵਾ ਵੀ ਦਰਜ ਹੈ। ਫਲਾਈਟ ਦੀ ਨਿਰਧਾਰਤ ਉਡਾਣ ਦੀ ਮਿਆਦ ਲਗਭਗ 1 ਘੰਟਾ 35 ਮਿੰਟ ਹੈ।

© Copyright Galactic Television & Communications Pvt. Ltd. 2026. All rights reserved.