ਮਨੋਰੰਜਨ ਅਤੇ ਸਾਹਿਤ ਜਗਤ ਨੂੰ ਵੱਡਾ ਘਾਟਾ! ਪ੍ਰਸਿੱਧ ਸਾਹਿਤਕਾਰ ਦਾ ਦੇਹਾਂਤ, ਪਰਿਵਾਰ ਤੇ ਫੈਨਜ਼ ਸਦਮੇ ‘ਚ

ਮਨੋਰੰਜਨ ਅਤੇ ਸਾਹਿਤ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਸਿੱਧ ਸਾਹਿਤਕਾਰ ਵੇਦ ਰਾਹੀ ਦਾ 1 ਨਵੰਬਰ 2026 ਨੂੰ ਐਤਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 93 ਸਾਲ ਦੇ ਸਨ।

By:  Lajwinder Kaur November 2nd 2026 01:28 PM -- Updated: November 2nd 2026 01:40 PM

ਮਨੋਰੰਜਨ ਅਤੇ ਸਾਹਿਤ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਸਿੱਧ ਸਾਹਿਤਕਾਰ ਵੇਦ ਰਾਹੀ ਦਾ 1 ਨਵੰਬਰ 2026 ਨੂੰ ਐਤਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 93 ਸਾਲ ਦੇ ਸਨ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਸਾਹਿਤਕ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਦੁਪਹਿਰ ਠਾਣੇ ਦੇ ਕੋਪਰੀ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਉਨ੍ਹਾਂ ਦੇ ਪਰਿਵਾਰ ਵਿੱਚ ਦੋ ਧੀਆਂ ਗੀਤਾਂਜਲੀ ਅਤੇ ਪੂਨਮ ਸਮੇਤ ਹੋਰ ਮੈਂਬਰ ਹਨ।

1983 ਵਿੱਚ ਮਿਲਿਆ ਸੀ ਸਾਹਿਤ ਅਕਾਦਮੀ ਪੁਰਸਕਾਰ

ਦੱਸ ਦੇਈਏ ਕਿ ਵੇਦ ਰਾਹੀ ਨੂੰ ਡੋਗਰੀ ਸਾਹਿਤ ਵਿੱਚ ਵਡਮੁੱਲੇ ਯੋਗਦਾਨ ਲਈ ਸਾਲ 1983 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਇਹ ਪੁਰਸਕਾਰ ਆਪਣੇ ਡੋਗਰੀ ਕਹਾਣੀ ਸੰਗ੍ਰਹਿ 'ਆਲੇ' ਲਈ ਮਿਲਿਆ ਸੀ। ਇਸ ਤੋਂ ਇਲਾਵਾ ਸਾਲ 2024 ਵਿੱਚ ਉਨ੍ਹਾਂ ਨੂੰ ਸਾਹਿਤ ਅਕਾਦਮੀ ਫੈਲੋਸ਼ਿਪ ਨਾਲ ਵੀ ਸਨਮਾਨਿਤ ਕੀਤਾ ਗਿਆ, ਜੋ ਅਕਾਦਮੀ ਦੇ ਸਭ ਤੋਂ ਉੱਚੇ ਸਨਮਾਨਾਂ ਵਿੱਚੋਂ ਇੱਕ ਹੈ। ਆਪਣੇ ਸਾਹਿਤਕ ਅਤੇ ਸੱਭਿਆਚਾਰਕ ਯੋਗਦਾਨ ਲਈ ਉਨ੍ਹਾਂ ਨੂੰ ਕਈ ਹੋਰ ਪੁਰਸਕਾਰ ਵੀ ਮਿਲੇ ਸਨ।

ਸਾਹਿਤ ਅਕਾਦਮੀ ਨੇ ਪ੍ਰਗਟ ਕੀਤਾ ਦੁੱਖ

ਵੇਦ ਰਾਹੀ ਦੇ ਦੇਹਾਂਤ 'ਤੇ ਸਾਹਿਤ ਅਕਾਦਮੀ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅਕਾਦਮੀ ਦੇ ਸਕੱਤਰ ਡਾ. ਵਰੁਣ ਗੁਲਾਟੀ ਵੱਲੋਂ ਜਾਰੀ ਸ਼ੋਕ ਸੰਦੇਸ਼ ਵਿੱਚ ਕਿਹਾ ਗਿਆ ਕਿ ਵੇਦ ਰਾਹੀ ਆਧੁਨਿਕ ਡੋਗਰੀ ਸਾਹਿਤ ਦੇ ਮੋਹਰੀ ਲੇਖਕਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਆਪਣੀਆਂ ਕਹਾਣੀਆਂ, ਨਾਵਲਾਂ ਅਤੇ ਕਵਿਤਾਵਾਂ ਰਾਹੀਂ ਡੋਗਰੀ ਭਾਸ਼ਾ ਅਤੇ ਸਾਹਿਤ ਨੂੰ ਅਮੀਰ ਬਣਾਇਆ।

ਡਾ. ਵਰੁਣ ਗੁਲਾਟੀ ਨੇ ਕਿਹਾ ਕਿ ਵੇਦ ਰਾਹੀ ਦੇ ਦੇਹਾਂਤ ਨਾਲ ਭਾਰਤੀ ਸਾਹਿਤ, ਹਿੰਦੀ ਸਿਨੇਮਾ ਅਤੇ ਜੰਮੂ-ਕਸ਼ਮੀਰ ਦੀ ਸੱਭਿਆਚਾਰਕ ਵਿਰਾਸਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਾਹਿਤ ਅਕਾਦਮੀ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਗਈ ਹੈ।

© Copyright Galactic Television & Communications Pvt. Ltd. 2026. All rights reserved.