Pradeep Rawat dies: ਲਗਾਨ-ਗਜਨੀ ਫੇਮ ਅਦਾਕਾਰ ਪ੍ਰਦੀਪ ਰਾਵਤ ਦਾ ਦੇਹਾਂਤ: 74 ਸਾਲ ਦੀ ਉਮਰ 'ਚ ਇਸ ਬਿਮਾਰੀ ਦੇ ਚੱਲਦੇ ਤੋੜਿਆ ਦਮ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ…

'ਲਗਾਨ' ਅਤੇ 'ਗਜਨੀ' ਫੇਮ ਅਦਾਕਾਰ ਪ੍ਰਦੀਪ ਰਾਵਤ ਦਾ 74 ਸਾਲ ਦੀ ਉਮਰ ਵਿੱਚ ਕੈਂਸਰ ਕਾਰਨ ਦੇਹਾਂਤ ਹੋ ਗਿਆ। ਉਹ ਪਿਛਲੇ ਇੱਕ ਮਹੀਨੇ ਤੋਂ ਹਸਪਤਾਲ ਵਿੱਚ ਦਾਖ਼ਲ ਸਨ। ਪ੍ਰਦੀਪ ਰਾਵਤ ਨੇ 'ਮਹਾਭਾਰਤ' ਵਿੱਚ ਅਸ਼ਵਥਾਮਾ ਦਾ ਕਿਰਦਾਰ ਨਿਭਾ ਕੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਕਈ ਹਿੱਟ ਫ਼ਿਲਮਾਂ ਵਿੱਚ ਵਿਲਨ ਵਜੋਂ ਆਪਣੀ ਵੱਖਰੀ ਪਹਿਚਾਣ ਬਣਾਈ। ਉਨ੍ਹਾਂ ਦੇ ਦੇਹਾਂਤ 'ਤੇ ਫ਼ਿਲਮ ਜਗਤ ਦੇ ਕਈ ਸਿਤਾਰਿਆਂ ਨੇ ਦੁੱਖ ਪ੍ਰਗਟ ਕੀਤਾ।

By:  Lajwinder Kaur August 5th 2026 10:11 AM -- Updated: August 5th 2026 10:50 AM

ਬਾਲੀਵੁੱਡ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਲਗਾਨ ਅਤੇ ਗਜਨੀ ਸਮੇਤ ਕਈ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੇ ਪ੍ਰਸਿੱਧ ਅਦਾਕਾਰ ਪ੍ਰਦੀਪ ਰਾਵਤ (Pradeep Rawat of 'Ghajini', 'Lagaan' fame passes away) ਦਾ 74 ਸਾਲ ਦੀ ਉਮਰ ਵਿੱਚ ਮੰਗਲਵਾਰ ਸ਼ਾਮ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਫ਼ਿਲਮ 'ਲਗਾਨ' ਵਿੱਚ ਉਨ੍ਹਾਂ ਨਾਲ ਕੰਮ ਕਰਨ ਵਾਲੇ ਅਦਾਕਾਰ ਯਸ਼ਪਾਲ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਸ਼ਰਧਾਂਜਲੀ ਭੇਟ ਕਰਦਿਆਂ ਸਾਂਝੀ ਕੀਤੀ।


ਇਸ ਬਿਮਾਰੀ ਦੇ ਚੱਲਦੇ ਤੋੜਿਆ ਦਮ

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਪ੍ਰਦੀਪ ਰਾਵਤ ਦੇ ਮੈਨੇਜਰ ਸਿਧਾਰਥ ਤਿਵਾੜੀ ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਦਾਕਾਰ ਕੈਂਸਰ ਤੋਂ ਪੀੜਤ ਸਨ ਅਤੇ ਬਿਮਾਰੀ ਦੁਬਾਰਾ ਵਾਪਸ ਆ ਗਈ ਸੀ। ਪਿਛਲੇ ਇੱਕ ਮਹੀਨੇ ਤੋਂ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।

ਮਹਾਭਾਰਤ ਵਿੱਚ ਅਸ਼ਵਥਾਮਾ ਦਾ ਰੋਲ ਨਿਭਾਇਆ ਸੀ

ਪ੍ਰਦੀਪ ਰਾਵਤ ਨੇ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਬੀ.ਆਰ. ਚੋਪੜਾ ਦੇ ਟੀਵੀ ਸ਼ੋਅ 'ਮਹਾਭਾਰਤ' ਵਿੱਚ ਅਸ਼ਵਥਾਮਾ ਦੀ ਭੂਮਿਕਾ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹਿੰਦੀ, ਤੇਲਗੂ, ਤਾਮਿਲ, ਕੰਨੜ, ਮਲਿਆਲਮ, ਬੰਗਾਲੀ ਅਤੇ ਭੋਜਪੁਰੀ ਫ਼ਿਲਮਾਂ ਵਿੱਚ ਕੰਮ ਕੀਤਾ। ਹਿੰਦੀ ਸਿਨੇਮਾ ਵਿੱਚ ਉਹ 'ਲਗਾਨ', 'ਸਰਫਰੋਸ਼', 'ਗਜਨੀ', 'ਬੈਜੂ ਬਾਵਰਾ', 'ਆਵਾਰਾਪਨ' ਅਤੇ 'ਗ੍ਰੈਂਡ ਮਸਤੀ' ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆਏ। ਉੱਥੇ ਹੀ, ਤੇਲਗੂ ਫ਼ਿਲਮ 'ਸਈ' (Sye) ਨਾਲ ਉਨ੍ਹਾਂ ਨੇ ਦੱਖਣੀ ਭਾਰਤੀ ਸਿਨੇਮਾ ਵਿੱਚ ਕਦਮ ਰੱਖਿਆ ਅਤੇ ਕਈ ਯਾਦਗਾਰ ਖਲਨਾਇਕ (ਵਿਲਨ) ਦੇ ਕਿਰਦਾਰ ਨਿਭਾਏ।

ਤਮਿਲ ਫ਼ਿਲਮ 'ਗਜਨੀ' (2005) ਵਿੱਚ ਉਨ੍ਹਾਂ ਦੇ ਡਬਲ ਰੋਲ ਨੂੰ ਕਾਫੀ ਪਸੰਦ ਕੀਤਾ ਗਿਆ। ਬਾਅਦ ਵਿੱਚ ਉਨ੍ਹਾਂ ਨੇ ਇਹੀ ਭੂਮਿਕਾ ਹਿੰਦੀ ਰੀਮੇਕ 'ਗਜਨੀ' ਵਿੱਚ ਵੀ ਨਿਭਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੰਨੜ ਫ਼ਿਲਮ 'ਪੈਰੋਡੀ', ਮਲਿਆਲਮ ਫ਼ਿਲਮ 'ਚਾਈਨਾ ਟਾਊਨ', ਬੰਗਾਲੀ ਫ਼ਿਲਮ 'ਹੀਰੋ 420' ਅਤੇ ਭੋਜਪੁਰੀ ਫ਼ਿਲਮ 'ਕ੍ਰੈਕ ਫਾਈਟਰ' ਵਿੱਚ ਵੀ ਅਦਾਕਾਰੀ ਕੀਤੀ ਸੀ।

ਸਲਮਾਨ ਨੂੰ ਪ੍ਰਦੀਪ ਰਾਵਤ ਕਾਰਨ ਨਹੀਂ ਮਿਲੀ ਸੀ 'ਗਜਨੀ'

27 ਮਾਰਚ 2025 ਨੂੰ ਮੁੰਬਈ ਵਿੱਚ ਫ਼ਿਲਮ 'ਸਿਕੰਦਰ' ਦੀ ਪ੍ਰੈੱਸ ਮੀਟ ਦੌਰਾਨ ਸਲਮਾਨ ਤੋਂ ਪੁੱਛਿਆ ਗਿਆ ਸੀ ਕਿ ਕੀ ਅਸਲ ਵਿੱਚ ਆਮਿਰ ਤੋਂ ਪਹਿਲਾਂ ਤੁਹਾਨੂੰ 'ਗਜਨੀ' ਮਿਲੀ ਸੀ। ਇਸ 'ਤੇ ਅਦਾਕਾਰ ਨੇ ਕਿਹਾ ਸੀ, 'ਮੈਂ ਵੀ ਸੁਣਿਆ ਹੈ। ਮੈਂ ਇਹ ਪ੍ਰਦੀਪ ਤੋਂ ਸੁਣਿਆ ਹੈ, ਅਸੀਂ ਉਸ ਨੂੰ ਗਜਨੀ ਬੁਲਾਉਂਦੇ ਹਾਂ। ਉਹ ਮੇਰਾ ਦੋਸਤ ਹੈ, ਅਸੀਂ 4-5 ਫ਼ਿਲਮਾਂ ਇਕੱਠੇ ਕੀਤੀਆਂ ਹਨ। ਉਸ ਨੇ ਇੱਕ ਵਾਰ ਕਿਹਾ ਸੀ, ਮੁਰੁਗਦਾਸ (ਗਜਨੀ ਦੇ ਡਾਇਰੈਕਟਰ) ਬਹੁਤ ਅਨੁਸ਼ਾਸਿਤ ਹਨ, ਇੰਨੇ ਸਿੰਸੀਅਰ ਹਨ, ਸਲਮਾਨ ਕਿਵੇਂ ਕੰਮ ਕਰ ਲਵੇਗਾ ਉਨ੍ਹਾਂ ਦੇ ਨਾਲ, ਸਲਮਾਨ ਨੂੰ ਗੁੱਸਾ ਬਹੁਤ ਆਉਂਦਾ ਹੈ।'

ਅੱਗੇ ਸਲਮਾਨ ਨੇ ਕਿਹਾ ਸੀ, 'ਮਤਲਬ ਉਹ ਮੇਰੇ ਨਾਲ 5 ਪਿਕਚਰਾਂ ਕਰ ਚੁੱਕਾ ਹੈ, ਉਸ ਤੋਂ ਬਾਅਦ ਉਹ ਇਹ ਬੋਲਦਾ ਹੈ। ਉਸ ਤੋਂ ਬਾਅਦ ਮੈਂ ਵਿਚਾਰੇ ਨੂੰ ਮਿਲਿਆ ਹੀ ਨਹੀਂ। ਮਿਲੇਗਾ ਤਾਂ ਮੈਂ ਉਸ ਤੋਂ ਪੁੱਛਾਂਗਾ ਕਿ ਮੈਂ ਕਦੋਂ ਗੁੱਸਾ ਹੋਇਆ ਤੇਰੇ ਨਾਲ।'

ਸੋਨੂੰ ਸੂਦ ਨੇ ਪ੍ਰਦੀਪ ਰਾਵਤ ਨੂੰ ਦਿੱਤੀ ਸ਼ਰਧਾਂਜਲੀ

ਅਦਾਕਾਰ ਸੋਨੂੰ ਸੂਦ ਨੇ ਇੰਸਟਾਗ੍ਰਾਮ ਸਟੋਰੀ 'ਤੇ ਪ੍ਰਦੀਪ ਰਾਵਤ ਦੀ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਪ੍ਰਦੀਪ ਰਾਵਤ ਭਾਈ, ਤੁਹਾਡੀ ਕਮੀ ਹਮੇਸ਼ਾ ਮਹਿਸੂਸ ਹੋਵੇਗੀ। ਤੁਸੀਂ ਹਮੇਸ਼ਾ ਯਾਦ ਆਵੋਗੇ।’


© Copyright Galactic Television & Communications Pvt. Ltd. 2026. All rights reserved.