ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ! ਇਸ ਨਾਮੀ ਅਦਾਕਾਰਾ ਦਾ ਹੋਇਆ ਦਿਹਾਂਤ, ਘਰ ‘ਚ ਅਚਾਨਕ ਵਿਗੜੀ ਤਬੀਅਤ ਫਿਰ ਤੋੜਿਆ ਦਮ….

By:  Lajwinder Kaur April 22nd 2026 03:14 PM -- Updated: April 22nd 2026 03:45 PM

ਮਨੋਰੰਜਨ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਮਸ਼ਹੂਰ ਹਰਿਆਣਵੀ ਅਦਾਕਾਰਾ ਦਿਵਿਆਂਕਾ ਸਿਰੋਹੀ (30) ਦਾ ਦਿਹਾਂਤ ਹੋ ਗਿਆ ਹੈ। ਮੰਗਲਵਾਰ ਦੇਰ ਰਾਤ ਯੂਪੀ ਦੇ ਗਾਜ਼ੀਆਬਾਦ ਸਥਿਤ ਉਨ੍ਹਾਂ ਦੇ ਘਰ ਵਿੱਚ ਅਚਾਨਕ ਤਬੀਅਤ ਵਿਗੜ ਗਈ, ਜਿਸ ਕਾਰਨ ਉਹ ਚੱਕਰ ਖਾ ਕੇ ਜ਼ਮੀਨ 'ਤੇ ਡਿੱਗ ਪਈ। ਇਸ ਹਾਦਸੇ ਵਿੱਚ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟ ਲੱਗੀ। ਪਰਿਵਾਰ ਵਾਲੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

50 ਤੋਂ ਵੱਧ ਹਰਿਆਣਵੀ ਗੀਤਾਂ 'ਚ ਕੀਤਾ ਕੰਮ

ਦਿਵਿਆਂਕਾ (Divyanka Sirohi) ਨੇ ਆਪਣੇ ਕਰੀਅਰ ਵਿੱਚ 50 ਤੋਂ ਵੱਧ ਹਰਿਆਣਵੀ ਗਾਣਿਆਂ ਵਿੱਚ ਕੰਮ ਕੀਤਾ ਸੀ ਅਤੇ ਉਹ ਮਾਸੂਮ ਸ਼ਰਮਾ, ਅਮਿਤ ਸੈਣੀ ਰੋਹਤਕੀਆ ਤੇ ਕੇਡੀ ਵਰਗੇ ਵੱਡੇ ਕਲਾਕਾਰਾਂ ਨਾਲ ਵੀ ਨਜ਼ਰ ਆ ਚੁੱਕੀ ਸੀ। ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੀ ਕਾਫੀ ਲੋਕਪ੍ਰਿਯਤਾ ਸੀ ਅਤੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 1.3 ਮਿਲੀਅਨ ਫਾਲੋਅਰਜ਼ ਹਨ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਹਰਿਆਣਵੀ ਮਨੋਰੰਜਨ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ।

ਜਾਣੋ ਦਿਵਿਆਂਕਾ ਦੀ ਨਿੱਜੀ ਜ਼ਿੰਦਗੀ ਬਾਰੇ

ਦਿਵਿਆਂਕਾ ਸਿਰੋਹੀ ਦਾ ਜਨਮ 19 ਨਵੰਬਰ 1996 ਨੂੰ ਬੁਲੰਦਸ਼ਹਿਰ ਵਿੱਚ ਹੋਇਆ ਸੀ, ਪਰ ਅੱਜ-ਕੱਲ੍ਹ ਉਨ੍ਹਾਂ ਦਾ ਪਰਿਵਾਰ ਗਾਜ਼ੀਆਬਾਦ ਵਿੱਚ ਰਹਿ ਰਿਹਾ ਹੈ। ਪੜ੍ਹਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਮੇਰਠ ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਬੀ.ਕਾਮ (B.Com) ਕੀਤੀ ਅਤੇ ਉਸ ਤੋਂ ਬਾਅਦ ਸਿੱਕਮ ਤੋਂ ਐਮ.ਬੀ.ਏ (MBA) ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ ਗੁਰੂਗ੍ਰਾਮ ਤੋਂ ਬੀ.ਐੱਡ (B.Ed) ਵੀ ਕੀਤੀ ਹੋਈ ਸੀ।

ਦਿਵਿਆਂਕਾ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪਿਤਾ ਗਜੇਂਦਰ, ਜੋ ਕਿ ਇੱਕ ਟ੍ਰਾਂਸਪੋਰਟਰ ਹਨ, ਅਤੇ ਮਾਤਾ ਅਨੀਤਾ, ਜੋ ਕਿ ਘਰੇਲੂ ਸੁਆਣੀ ਹਨ, ਤੋਂ ਇਲਾਵਾ ਦੋ ਭਰਾ ਹਿਮਾਂਸ਼ੂ ਤੇ ਦੀਪਾਂਸ਼ੂ ਅਤੇ ਇੱਕ ਭੈਣ ਜਸਮੀਤ ਹਨ। ਇੱਕ ਹੋਣਹਾਰ ਅਦਾਕਾਰਾ ਹੋਣ ਦੇ ਨਾਲ-ਨਾਲ ਉਹ ਵਿਦਿਅਕ ਪੱਖੋਂ ਵੀ ਕਾਫੀ ਮਜ਼ਬੂਤ ਸਨ।

ਦਿਵਿਆਂਕਾ ਦੇ ਭਰਾ ਹਿਮਾਂਸ਼ੂ ਨੇ ਦੱਸਿਆ ਕਿ ਮੰਗਲਵਾਰ ਰਾਤ ਦਿਵਿਆਂਕਾ ਘਰ ਹੀ ਸੀ। ਰਾਤ ਕਰੀਬ 8 ਵਜੇ ਉਸ ਦੀ ਤਬੀਅਤ ਵਿਗੜ ਗਈ ਅਤੇ ਉਹ ਫਰਸ਼ 'ਤੇ ਡਿੱਗ ਪਈ। ਡਿੱਗਣ ਕਾਰਨ ਉਸ ਦੇ ਸਿਰ 'ਤੇ ਅੰਦਰੂਨੀ ਸੱਟ ਲੱਗੀ ਅਤੇ ਖੂਨ ਵਗਣ ਲੱਗ ਪਿਆ। ਜਦੋਂ ਛੋਟਾ ਭਰਾ ਦੀਪਾਂਸ਼ੂ ਉਸ ਕੋਲ ਪਹੁੰਚਿਆ, ਉਦੋਂ ਤੱਕ ਉਸ ਦਾ ਸਰੀਰ ਠੰਡਾ ਪੈ ਚੁੱਕਾ ਸੀ। ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੁੱਧਵਾਰ ਸਵੇਰੇ ਗਾਜ਼ੀਆਬਾਦ ਵਿਖੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਮਾਸੂਮ ਸ਼ਰਮਾ ਨੇ ਕਰਵਾਈ ਸੀ ਜਾਣ-ਪਛਾਣ

ਸਿਰਸਾ ਦੇ ਜੇਸੀਡੀ (JCD) ਵਿੱਚ ਇੱਕ ਲਾਈਵ ਸ਼ੋਅ ਦੌਰਾਨ ਮਸ਼ਹੂਰ ਗਾਇਕ ਮਾਸੂਮ ਸ਼ਰਮਾ ਨੇ ਅਦਾਕਾਰਾ ਦਿਵਿਆਂਕਾ ਸਿਰੋਹੀ ਨੂੰ ਸਟੇਜ 'ਤੇ ਬੁਲਾ ਕੇ ਦਰਸ਼ਕਾਂ ਨਾਲ ਉਸਦੀ ਜਾਣ-ਪਛਾਣ ਕਰਵਾਈ ਸੀ। ਜਿਵੇਂ ਹੀ ਦਿਵਿਆਂਕਾ ਸਟੇਜ 'ਤੇ ਪਹੁੰਚੀ, ਤਾਂ ਉੱਥੇ ਮੌਜੂਦ ਦਰਸ਼ਕਾਂ ਨੇ ਤਾਲੀਆਂ ਦੀ ਗੜਗੜਾਹਟ ਨਾਲ ਉਸਦਾ ਨਿੱਘਾ ਸਵਾਗਤ ਕੀਤਾ।

ਮਾਸੂਮ ਸ਼ਰਮਾ ਨੇ ਖੁਦ ਦਿਵਿਆਂਕਾ ਦਾ ਨਾਮ ਲੈ ਕੇ ਉਸਦੀ ਪਛਾਣ ਕਰਵਾਈ ਅਤੇ ਇਸ ਦੌਰਾਨ ਉਹ ਕਾਫੀ ਦੇਰ ਤੱਕ ਸਟੇਜ 'ਤੇ ਮੌਜੂਦ ਰਹੀ। ਦਿਵਿਆਂਕਾ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਸੀ ਕਿ ਪ੍ਰਸ਼ੰਸਕ ਉਸਨੂੰ ਦੇਖ ਕੇ ਬੇਹੱਦ ਉਤਸ਼ਾਹਿਤ ਹੋ ਗਏ ਸਨ।

ਟਿਕ-ਟਾਕ ਤੋਂ ਹੋਈ ਸੀ ਮਸ਼ਹੂਰ

ਇੱਕ ਇੰਟਰਵਿਊ ਦੌਰਾਨ ਦਿਵਿਆਂਕਾ ਨੇ ਦੱਸਿਆ ਸੀ ਕਿ ਉਸਨੂੰ ਬਚਪਨ ਤੋਂ ਹੀ ਐਕਟਿੰਗ ਅਤੇ ਡਾਂਸ ਦਾ ਬਹੁਤ ਸ਼ੌਕ ਸੀ। ਉਸਨੇ ਦਿਵਾਲੀ ਦੇ ਦਿਨਾਂ ਵਿੱਚ ਨੀਲੇ ਰੰਗ ਦਾ ਸੂਟ ਪਾ ਕੇ ਟਿਕ-ਟਾਕ 'ਤੇ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਗਾਣੇ 'ਮੇਰੀ ਮੰਮੀ ਨੂੰ ਪਸੰਦ ਨੀ ਤੂੰ' 'ਤੇ ਇੱਕ ਵੀਡੀਓ ਬਣਾਈ ਸੀ।

ਉਸਦੇ ਸ਼ਾਨਦਾਰ ਐਕਸਪ੍ਰੈਸ਼ਨ ਕਾਰਨ ਉਹ ਵੀਡੀਓ ਵਾਇਰਲ ਹੋ ਗਈ ਅਤੇ ਉਸ 'ਤੇ ਕਰੀਬ 20 ਮਿਲੀਅਨ ਵਿਊਜ਼ ਆਏ। ਇਸ ਵੀਡੀਓ ਦੀ ਸਫਲਤਾ ਤੋਂ ਬਾਅਦ ਟਿਕ-ਟਾਕ 'ਤੇ ਉਸਦੇ ਫਾਲੋਅਰਜ਼ ਦੀ ਗਿਣਤੀ ਵਧ ਕੇ 5 ਮਿਲੀਅਨ ਹੋ ਗਈ ਸੀ। ਉੱਥੋਂ ਹੀ ਉਸਦੇ ਸਫਲ ਸਫਰ ਦੀ ਸ਼ੁਰੂਆਤ ਹੋਈ।

ਦਿਵਿਆਂਕਾ ਨੇ ਆਪਣੇ ਪਰਿਵਾਰ ਦੇ ਸਹਿਯੋਗ ਬਾਰੇ ਗੱਲ ਕਰਦਿਆਂ ਦੱਸਿਆ ਸੀ ਕਿ ਉਸ ਨੂੰ ਕਦੇ ਵੀ ਅਜਿਹਾ ਮਹਿਸੂਸ ਨਹੀਂ ਹੋਇਆ ਕਿ ਪਰਿਵਾਰ ਸਾਥ ਨਹੀਂ ਦੇਵੇਗਾ। ਉਸ ਦੇ ਪਰਿਵਾਰ ਨੇ ਹਰ ਮੋੜ 'ਤੇ ਉਸ ਦਾ ਪੂਰਾ ਸਾਥ ਦਿੱਤਾ। ਦਿਵਿਆਂਕਾ ਨੇ ਵਿੱਤੀ ਤੌਰ 'ਤੇ (Financially) ਵੀ ਆਪਣੇ ਆਪ ਨੂੰ ਖੁਦ ਹੀ ਸੰਭਾਲਿਆ ਸੀ।

ਇੰਝ ਹੋਈ ਸੀ ਹਰਿਆਣਵੀ ਇੰਡਸਟਰੀ 'ਚ ਐਂਟਰੀ

ਸਾਲ 2018 ਵਿੱਚ ਉਸ ਨੇ ਨੌਕਰੀ (Job) ਵੀ ਕੀਤੀ, ਪਰ ਜਦੋਂ ਉਸ ਨੂੰ ਲੱਗਾ ਕਿ ਉਹ ਮਨੋਰੰਜਨ ਜਗਤ ਵਿੱਚ ਕੁਝ ਵੱਡਾ ਕਰ ਸਕਦੀ ਹੈ, ਤਾਂ ਉਸ ਨੇ ਨੌਕਰੀ ਛੱਡ ਦਿੱਤੀ। ਹਰਿਆਣਵੀ ਇੰਡਸਟਰੀ ਵਿੱਚ ਉਸ ਦੇ ਸਫ਼ਰ ਦੀ ਸ਼ੁਰੂਆਤ 'ਵਿਲੇਨ' ਗਾਣੇ ਤੋਂ ਹੋਈ ਸੀ।

ਇੰਡਸਟਰੀ ਬਾਰੇ ਗੱਲ ਕਰਦਿਆਂ ਦਿਵਿਆਂਕਾ ਨੇ ਕਿਹਾ ਸੀ ਕਿ ਜੇਕਰ ਤੁਸੀਂ ਖੁਦ ਠੀਕ ਹੋ ਤਾਂ ਸਭ ਕੁਝ ਠੀਕ ਹੈ। ਹਰ ਜਗ੍ਹਾ ਹਰ ਤਰ੍ਹਾਂ ਦੇ ਲੋਕ ਮਿਲਦੇ ਹਨ ਅਤੇ ਜੋ ਲੋਕ ਆਪਣੇ ਆਪ ਨੂੰ ਸੰਭਾਲ ਨਹੀਂ ਪਾਉਂਦੇ, ਉਨ੍ਹਾਂ ਲਈ ਇਹ ਲਾਈਨ ਮਾੜੀ ਹੈ। ਦਿਵਿਆਂਕਾ ਨੇ ਦੱਸਿਆ ਕਿ ਉਸ ਕੋਲ ਆਪਣੀ ਟੀਮ ਹੈ ਅਤੇ ਉਹ ਆਪਣੀ ਸ਼ੂਟਿੰਗ 'ਤੇ ਹਮੇਸ਼ਾ ਆਪਣੇ ਭਰਾ ਨੂੰ ਨਾਲ ਲੈ ਕੇ ਜਾਂਦੀ ਸੀ। 

ਵਿਆਹ ਨੂੰ ਲੈ ਕੇ ਆਖੀ ਸੀ ਇਹ ਗੱਲ

ਵਿਆਹ ਦੇ ਸਵਾਲ 'ਤੇ ਦਿਵਿਆਂਕਾ ਨੇ ਕਿਹਾ ਸੀ ਕਿ ਚਾਹੇ ਲਵ ਮੈਰਿਜ ਹੋਵੇ ਜਾਂ ਅਰੇਂਜ, ਵਿਆਹ ਦਾ ਲੱਡੂ ਖਾ ਕੇ ਵੀ ਪਛਤਾਉਣਾ ਪੈਂਦਾ ਹੈ ਅਤੇ ਨਾ ਖਾ ਕੇ ਵੀ। ਇਸ ਲਈ ਬਿਹਤਰ ਹੈ ਕਿ ਨਾ ਖਾ ਕੇ ਹੀ ਪਛਤਾ ਲਿਆ ਜਾਵੇ। ਫਿਲਹਾਲ ਮੇਰਾ ਵਿਆਹ ਦਾ ਕੋਈ ਇਰਾਦਾ ਨਹੀਂ ਹੈ। ਵਿਆਹ ਤੋਂ ਬਾਅਦ ਵੀ ਕਈ ਚੀਜ਼ਾਂ ਸੰਭਾਲਣੀਆਂ ਪੈਂਦੀਆਂ ਹਨ। ਮੈਂ ਆਪਣੇ ਪਰਿਵਾਰ ਲਈ ਧੀ ਨਹੀਂ, ਸਗੋਂ ਇੱਕ ਪੁੱਤਰ ਵਾਂਗ ਹਾਂ। ਅਦਾਕਾਰਾ ਦੇ ਇਸ ਤਰ੍ਹਾਂ ਚੱਲੇ ਜਾਣਾ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਦੇ ਫੈਨਜ਼ ਲਈ ਤਾਂ ਵੱਡਾ ਸਦਮਾ ਹੈ।


Related Post

ਸੁਰਾਂ ਦੀ ਮਲਿਕਾ ਆਸ਼ਾ ਭੋਸਲੇ ਨਹੀਂ ਰਹੇ! ਸੰਗੀਤ ਜਗਤ ‘ਚ ਸੋਗ ਦੀ ਲਹਿਰ, PM ਮੋਦੀ ਨੇ ਜਤਾਇਆ ਦੁੱਖ
ਸੁਨੰਦਾ ਸ਼ਰਮਾ ਦੇ ਲਾਈਵ ਸ਼ੋਅ 'ਚ ਹੰਗਾਮਾ: ਸਟੇਜ 'ਤੇ ਚੜ੍ਹੇ ਨੌਜਵਾਨ ਨੇ ਕੀਤੀ ਗਲਤ ਹਰਕਤ, ਡਰ ਕੇ ਚੀਕੀ ਗਾਇਕਾ, ਸ਼ੋਅ ਹੋਇਆ ਕੈਂਸਲ
ਜੀਟੀਸੀ ਪੰਜਾਬੀ ਲੈ ਕੇ ਆ ਰਿਹਾ ਗਾਇਕੀ ਦਾ ਮਹਾ-ਮੰਚ ‘ਸੁਰਤਾਜ ਆਫ਼ ਪੰਜਾਬ’, ਰਜਿਸਟ੍ਰੇਸ਼ਨ ਕਰਨ ਤੋਂ ਲੈ ਕੇ ਇੱਥੇ ਜਾਣੋ ਪੂਰੀ ਡਿਟੇਲ
ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ GTC ਨੈੱਟਵਰਕ ਰਾਹੀਂ ਪੰਜਾਬੀਅਤ ਦੀ ਗੂੰਜ, ਹੁਣ ਹਰ ਘਰ ਅਤੇ ਹਰ ਸਕ੍ਰੀਨ 'ਤੇ ਦਿਖੇਗਾ ਜੀਟੀਸੀ ਨਿਊਜ਼ ਤੇ ਜੀਟੀਸੀ ਪੰਜਾਬੀ
DD Free Dish ਦੇ ਦਰਸ਼ਕਾਂ ਲਈ ਵੱਡੀ ਖੁਸ਼ਖਬਰੀ: ਹੁਣ ਫ੍ਰੀ 'ਚ ਦੇਖੋ GTC Punjabi ਅਤੇ GTC News ਚੈਨਲ, ਇੱਕ ਕਲਿੱਕ ਨਾਲ ਜਾਣੋ ਪੂਰੀ ਡਿਟੇਲ
GTC Punjabi ਦਾ ਨਵਾਂ ਧਮਾਕੇਦਾਰ ਸ਼ੋਅ ‘Sweety Beauty Parlour’ ਦਰਸ਼ਕਾਂ ਦੇ ਰੂਬਰੂ, ਇੱਕ ਕਲਿੱਕ ਨਾਲ ਦੇਖੋ ਹਾਸਿਆਂ ਅਤੇ ਜਜ਼ਬੇ ਦੇ ਸੁਮੇਲ ਦਾ ਪਹਿਲਾ ਐਪੀਸੋਡ

© Copyright Galactic Television & Communications Pvt. Ltd. 2026. All rights reserved.