ਮਿਊਜ਼ਿਕ ਜਗਤ ‘ਚ ਹਲਚਲ! ਨਾਮੀ ਗਾਇਕ ਦੇ ਘਰ ਦੇ ਬਾਹਰ ਅੰਨ੍ਹੇਵਾਹ ਫਾਇਰਿੰਗ, ਸਕਾਰਪੀਓ ਦੀ ਕੀਤੀ ਭੰਨਤੋੜ; ਸਾਥੀ ਗਾਇਕ 'ਤੇ ਜਤਾਇਆ ਸ਼ੱਕ

ਮਨੋਰੰਜਨ ਜਗਤ ਤੋਂ ਇੱਕ ਵੱਡੀ ਅਤੇ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪੂਰੀ ਇੰਡਸਟਰੀ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ‘ਬੀਜੇਪੀ ਲਵਰ’ ਅਤੇ ‘ਭੂਮਿਹਾਰ ਕੇ ਬਾਰਾਤ ਮੇਂ’ ਵਰਗੇ ਮਸ਼ਹੂਰ ਭੋਜਪੁਰੀ ਗੀਤ ਗਾਉਣ ਵਾਲੇ ਗਾਇਕ ਅਭਿਸ਼ੇਕ ਸਿੰਘ ਦੇ ਬਿਹਾਰ ਦੇ ਜਹਾਨਾਬਾਦ ਸਥਿਤ ਘਰ 'ਤੇ ਹਮਲਾ ਹੋਣ ਦੀ ਖ਼ਬਰ ਹੈ।

By:  Lajwinder Kaur October 28th 2026 03:21 PM -- Updated: October 28th 2026 03:23 PM

ਮਨੋਰੰਜਨ ਜਗਤ ਤੋਂ ਇੱਕ ਵੱਡੀ ਅਤੇ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪੂਰੀ ਇੰਡਸਟਰੀ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ‘ਬੀਜੇਪੀ ਲਵਰ’ ਅਤੇ ‘ਭੂਮਿਹਾਰ ਕੇ ਬਾਰਾਤ ਮੇਂ’ ਵਰਗੇ ਮਸ਼ਹੂਰ ਭੋਜਪੁਰੀ ਗੀਤ ਗਾਉਣ ਵਾਲੇ ਗਾਇਕ ਅਭਿਸ਼ੇਕ ਸਿੰਘ ਦੇ ਬਿਹਾਰ ਦੇ ਜਹਾਨਾਬਾਦ ਸਥਿਤ ਘਰ 'ਤੇ ਹਮਲਾ ਹੋਣ ਦੀ ਖ਼ਬਰ ਹੈ। 26 ਅਕਤੂਬਰ ਦੀ ਤੜਕੇ ਕਰੀਬ 4:30 ਵਜੇ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਕਾਲੇ ਰੰਗ ਦੀ ਸਕਾਰਪੀਓ ਗੱਡੀ 'ਤੇ 4 ਤੋਂ 5 ਰਾਊਂਡ ਫਾਇਰਿੰਗ ਕੀਤੀ ਅਤੇ ਇੱਟਾਂ-ਪੱਥਰ ਬਰਸਾ ਕੇ ਗੱਡੀ ਦੀ ਭਾਰੀ ਭੰਨਤੋੜ ਕੀਤੀ।

ਘਟਨਾ ਦੇ ਸਮੇਂ ਅਭਿਸ਼ੇਕ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਘਰ ਦੇ ਅੰਦਰ ਸੁੱਤਾ ਹੋਇਆ ਸੀ। ਅਚਾਨਕ ਬਾਹਰੋਂ ਗਾਲੀ-ਗਲੋਚ, ਗੱਡੀ ਦੇ ਸ਼ੀਸ਼ੇ ਟੁੱਟਣ ਅਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣ ਕੇ ਪਰਿਵਾਰ ਵਿੱਚ ਡਰ ਦਾ ਮਾਹੌਲ ਬਣ ਗਿਆ। ਖੁਸ਼ਕਿਸਮਤੀ ਨਾਲ ਹਮਲੇ ਦੌਰਾਨ ਗੱਡੀ ਦੇ ਅੰਦਰ ਕੋਈ ਮੌਜੂਦ ਨਹੀਂ ਸੀ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਸੀਸੀਟੀਵੀ ਫੁਟੇਜ ਮਿਲਣ ਦਾ ਦਾਅਵਾ

ਘਟਨਾ ਤੋਂ ਬਾਅਦ ਅਭਿਸ਼ੇਕ ਸਿੰਘ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਅਤੇ ਪੋਸਟ ਸਾਂਝੀ ਕਰਦਿਆਂ ਲਿਖਿਆ, "ਸੀਸੀਟੀਵੀ ਫੁਟੇਜ ਆ ਗਈ ਹੈ, ਜੋ ਜਲਦੀ ਹੀ ਸਾਰਿਆਂ ਨਾਲ ਸਾਂਝੀ ਕੀਤੀ ਜਾਵੇਗੀ। ਸਾਡਾ ਸ਼ੱਕ ਬਿਲਕੁਲ ਸਹੀ ਸੀ, ਹੁਣ ਸਮਾਜ ਅਤੇ ਪ੍ਰਸ਼ਾਸਨ ਇਸ 'ਤੇ ਕਾਰਵਾਈ ਕਰੇਗਾ।"

ਸਾਥੀ ਗਾਇਕ ਸ਼ਿਵਕੁਮਾਰ ਬਿੱਕੂ 'ਤੇ ਸ਼ੱਕ

ਅਭਿਸ਼ੇਕ ਸਿੰਘ ਨੇ ਇਸ ਹਮਲੇ ਪਿੱਛੇ ਆਪਣੇ ਹੀ ਸਾਥੀ ਭੋਜਪੁਰੀ ਗਾਇਕ ਸ਼ਿਵਕੁਮਾਰ ਬਿੱਕੂ ਦਾ ਹੱਥ ਹੋਣ ਦਾ ਖਦਸ਼ਾ ਜਤਾਇਆ ਹੈ। ਉਨ੍ਹਾਂ ਮੁਤਾਬਕ ਦੋਵਾਂ ਵਿਚਾਲੇ ਪ੍ਰਸਿੱਧੀ, ਸੀਨੀਅਰਤਾ ਅਤੇ ਸਟੇਜ ਸ਼ੋਅਜ਼ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਗਾਇਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ 70 ਫ਼ੀਸਦੀ ਸ਼ੱਕ ਹੈ ਕਿ ਇਹ ਵਾਰਦਾਤ ਬਿੱਕੂ ਵੱਲੋਂ ਹੀ ਕਰਵਾਈ ਗਈ ਹੈ।

ਪੁਲਿਸ ਵੱਲੋਂ ਮਾਮਲਾ ਦਰਜ, ਜਾਂਚ ਜਾਰੀ

ਘਟਨਾ ਦੀ ਸੂਚਨਾ ਮਿਲਦਿਆਂ ਹੀ ਜਹਾਨਾਬਾਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਥਾਨ ਤੋਂ ਗੋਲੀਆਂ ਦੇ ਤਿੰਨ ਖਾਲੀ ਖੋਲ ਬਰਾਮਦ ਕੀਤੇ। ਪੀਟੀਆਈ (PTI) ਦੀ ਰਿਪੋਰਟ ਮੁਤਾਬਕ ਪੁਲਿਸ ਨੇ ਅਭਿਸ਼ੇਕ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਐੱਫਆਈਆਰ (FIR) ਦਰਜ ਕਰ ਲਈ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਾਂਚ ਤੇਜ਼ ਕਰ ਦਿੱਤੀ ਹੈ।

© Copyright Galactic Television & Communications Pvt. Ltd. 2026. All rights reserved.