"ਪੰਜਾਬੀਆਂ ਨੂੰ ਲੜਾਈ ਲੜਨਾ ਨਾ ਸਿਖਾਓ": ਦਿੱਲੀ ਕੌਨਸਰਟ 'ਚ ਬੋਲੇ ਦਿਲਜੀਤ ਦੋਸਾਂਝ, ਫ਼ਿਲਮ 'ਸਤਲੁਜ' ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਦਿੱਤਾ ਠੋਕਵਾਂ ਜਵਾਬ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਸ਼ੁੱਕਰਵਾਰ ਰਾਤ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਏ ਆਪਣੇ ਕੰਸਰਟ ਦੌਰਾਨ ਦਿਲਜੀਤ ਨੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ...

By:  Lajwinder Kaur October 31st 2026 12:44 PM -- Updated: October 31st 2026 01:10 PM

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਸ਼ੁੱਕਰਵਾਰ ਰਾਤ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਏ ਆਪਣੇ ਕੰਸਰਟ ਦੌਰਾਨ ਦਿਲਜੀਤ ਨੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ, ਜਿਨ੍ਹਾਂ ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਬਣੀ ਫਿਲਮ 'ਸਤਲੁਜ' ਦਾ ਮਜ਼ਾਕ ਉਡਾਇਆ ਸੀ।

ਦਿਲਜੀਤ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਜਿਸ ਫਿਲਮ ਦਾ ਤੁਸੀਂ ਸਟੇਜ 'ਤੇ ਖੜ੍ਹੇ ਹੋ ਕੇ ਮਜ਼ਾਕ ਉਡਾ ਰਹੇ ਹੋ, ਉਸ ਲਈ ਅਸੀਂ ਲੰਬੀ ਲੜਾਈ ਲੜੀ ਹੈ। ਉਨ੍ਹਾਂ ਕਿਹਾ, "ਮੈਂ ਸਾਰਿਆਂ ਦਾ ਸਮਰਥਨ ਕਰਦਾ ਹਾਂ। ਪੰਜਾਬੀਆਂ ਨੂੰ ਇਹ ਨਾ ਸਿਖਾਓ ਕਿ ਲੜਾਈਆਂ ਕਿਵੇਂ ਲੜਨੀਆਂ ਹਨ। ਮੈਂ ਇੱਕ ਕਲਾਕਾਰ ਹਾਂ ਅਤੇ ਸਾਰਿਆਂ ਨੂੰ ਪਿਆਰ ਕਰਦਾ ਹਾਂ। ਜੇਕਰ ਕੋਈ ਸਾਡੇ ਨਾਲ ਨਫ਼ਰਤ ਕਰਦਾ ਹੈ ਤਾਂ ਕਰੇ, ਪਰ ਮੇਰਾ ਸਾਰਿਆਂ ਲਈ ਆਈ ਲਵ ਯੂ ਹੈ।"

CJP ਦੇ ਸੰਸਥਾਪਕ ਨੇ ਦਿੱਤਾ ਜਵਾਬ

ਦੂਜੇ ਪਾਸੇ, CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦਿਲਜੀਤ ਦੀਆਂ ਗੱਲਾਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ ਜੂਨ ਮਹੀਨੇ ਵਿੱਚ ਜਦੋਂ ਉਹ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ, ਉਸ ਸਮੇਂ ਦਿਲਜੀਤ ਦੇ ਇੱਕ ਬਿਆਨ ਨਾਲ ਉਨ੍ਹਾਂ ਨੂੰ ਥੋੜ੍ਹਾ ਦੁੱਖ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਨਿੱਜੀ ਨਾਰਾਜ਼ਗੀ ਨਹੀਂ ਸੀ, ਸਗੋਂ ਉਹ ਦਿਲਜੀਤ ਨੂੰ ਅਜਿਹੇ ਇਨਸਾਨ ਵਜੋਂ ਦੇਖਦੇ ਹਨ ਜੋ ਹਮੇਸ਼ਾ ਗਲਤ ਦੇ ਖ਼ਿਲਾਫ਼ ਆਵਾਜ਼ ਚੁੱਕਣ ਦੀ ਗੱਲ ਕਰਦੇ ਹਨ। ਉਨ੍ਹਾਂ ਨੇ ਦਿਲਜੀਤ ਨੂੰ ਛੋਟੇ ਭਰਾ ਵਾਂਗ ਸਮਝ ਕੇ ਗੱਲ ਨੂੰ ਖ਼ਤਮ ਕਰਨ ਦੀ ਅਪੀਲ ਵੀ ਕੀਤੀ।

ਦਿੱਲੀ ਵਿੱਚ ਹਾਊਸਫੁੱਲ ਸ਼ੋਅ ਨਾਲ ਟੂਰ ਦੀ ਸ਼ੁਰੂਆਤ

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹਾਊਸਫੁੱਲ ਸ਼ੋਅ ਨਾਲ ਆਪਣੇ AURA India Tour 2026 ਦੀ ਸ਼ੁਰੂਆਤ ਕੀਤੀ। ਸ਼ੋਅ ਤੋਂ ਬਾਅਦ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਦਾ ਦਿੱਲੀ ਸ਼ੋਅ ਰੁਕਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਨੇ ਆਪਣਾ ਸ਼ੋਅ ਕਰ ਦਿੱਤਾ।

ਮਿਲਟਰੀ ਫੋਰਸ ਦੀ ਮਹਿਲਾ ਨੂੰ ਸਟੇਜ 'ਤੇ ਬੁਲਾ ਕੇ ਕੀਤਾ ਸਲਾਮ

ਇਸ ਕੰਸਰਟ ਦੌਰਾਨ ਦਿਲਜੀਤ ਨੇ ਮਿਲਟਰੀ ਫੋਰਸ ਦੀ ਇੱਕ ਮਹਿਲਾ ਨੂੰ ਸਟੇਜ 'ਤੇ ਬੁਲਾਇਆ ਅਤੇ ਉਨ੍ਹਾਂ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ। ਜੇਕਰ ਤੁਸੀਂ ਨਾ ਹੋਵੋ ਤਾਂ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦੇ। ਇਸ ਦੌਰਾਨ ਉਨ੍ਹਾਂ ਨੇ ਮਹਿਲਾ ਨੂੰ ਕਿਹਾ ਕਿ ਉਨ੍ਹਾਂ ਵਿੱਚ ਉਨ੍ਹਾਂ ਨੂੰ ਆਪਣੀ ਮਾਂ ਨਜ਼ਰ ਆਉਂਦੀ ਹੈ। ਦਿਲਜੀਤ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਵੀ ਸ਼ੋਅ ਤੋਂ ਪਹਿਲਾਂ ਫੋਨ ਕਰਕੇ ਉਨ੍ਹਾਂ ਨੂੰ ਆਪਣਾ ਧਿਆਨ ਰੱਖਣ ਲਈ ਕਿਹਾ ਸੀ।

© Copyright Galactic Television & Communications Pvt. Ltd. 2026. All rights reserved.