ਡਿੱਗੀਆਂ ਸੋਨੇ ਦੀਆਂ ਕੀਮਤਾਂ: ₹1200 ਦੀ ਕਟੌਤੀ ਨਾਲ ਸੋਨਾ ਹੋਇਆ ਸਸਤਾ, ਚਾਂਦੀ ਦੀ ਚਮਕ ਵੀ ਪਈ ਫਿੱਕੀ, ਜਾਣੋ 10 ਗ੍ਰਾਮ ਦੇ ਕੀ ਨੇ ਭਾਅ...

By:  Lajwinder Kaur April 24th 2026 11:16 AM -- Updated: April 24th 2026 11:27 AM

Gold Silver Rates: ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਸੋਨੇ-ਚਾਂਦੀ ਦੇ ਭਾਅ ਹੇਠਾਂ ਆ ਰਹੇ ਹਨ। ਜੀ ਹਾਂ ਅੱਜ ਦੇਸ਼ ਭਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਨਰਮੀ ਦੇਖਣ ਨੂੰ ਮਿਲ ਰਹੀ ਹੈ। ਇੱਕ ਪਾਸੇ ਜਿੱਥੇ ਸੋਨੇ ਦੀਆਂ ਕੀਮਤਾਂ ਵਿੱਚ ਪ੍ਰਤੀ 10 ਗ੍ਰਾਮ 1200 ਰੁਪਏ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਉੱਥੇ ਹੀ ਦੂਜੇ ਪਾਸੇ ਚਾਂਦੀ ਦੇ ਭਾਅ ਵਿੱਚ ਵੀ ਕਮੀ ਆਈ ਹੈ। ਕੀਮਤਾਂ ਵਿੱਚ ਆਈ ਇਸ ਗਿਰਾਵਟ ਨਾਲ ਗਾਹਕਾਂ ਅਤੇ ਨਿਵੇਸ਼ਕਾਂ ਨੂੰ ਵੱਡੀ ਰਾਹਤ ਮਿਲੀ ਹੈ। ਜੇਕਰ ਕਿਸੇ ਨੇ ਆਉਣ ਵਾਲੇ ਦਿਨਾਂ ਤੇ ਵਿੱਚ ਵਿਆਹ-ਸ਼ਾਦੀ ਕਰਨੀ ਹੈ ਤਾਂ ਉਨ੍ਹਾਂ ਲੋਕਾਂ ਲਈ ਅੱਜ ਚੰਗਾ ਮੌਕਾ ਹੈ, ਇਨ੍ਹਾਂ ਦੋਵਾਂ ਨੂੰ ਖਰੀਦਣ ਦਾ।

ਭਾਰਤ ਵਿੱਚ ਗਹਿਣਿਆਂ ਦੇ ਮਾਮਲੇ ਵਿੱਚ ਸੋਨਾ ਲੋਕਾਂ ਦੀ ਪਹਿਲੀ ਪਸੰਦ ਹੈ। ਇਸ ਤੋਂ ਇਲਾਵਾ, ਕੁਝ ਨਿਵੇਸ਼ਕ ਸੋਨੇ ਦੇ ਸਿੱਕੇ, ਬਾਰ ਅਤੇ ਗੋਲਡ ETF ਵਿੱਚ ਨਿਵੇਸ਼ ਕਰਨਾ ਵੀ ਫਾਇਦੇਮੰਦ ਮੰਨਦੇ ਹਨ। ਧਨਤੇਰਸ, ਅਕਸ਼ੈ ਤ੍ਰਿਤੀਆ ਅਤੇ ਦੀਵਾਲੀ ਵਰਗੇ ਭਾਰਤੀ ਤਿਉਹਾਰਾਂ ਦੌਰਾਨ ਸੋਨਾ ਖਰੀਦਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਸਿਰਫ ਇਹੀ ਨਹੀਂ, ਜਦੋਂ ਭਾਰਤ ਵਿੱਚ ਵਿਆਹਾਂ ਦੀ ਖਰੀਦਦਾਰੀ ਦੀ ਗੱਲ ਆਉਂਦੀ ਹੈ, ਤਾਂ ਸੋਨਾ ਸਭ ਤੋਂ ਉੱਪਰ ਹੁੰਦਾ ਹੈ; ਸੋਨੇ ਤੋਂ ਬਿਨਾਂ ਭਾਰਤ ਵਿੱਚ ਵਿਆਹ ਅਧੂਰੇ ਮੰਨੇ ਜਾਂਦੇ ਹਨ।

ਸੋਨਾ ਖਰੀਦਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜਦੋਂ ਵੀ ਅਰਥਵਿਵਸਥਾ ਵਿੱਚ ਗਿਰਾਵਟ ਆਉਂਦੀ ਹੈ, ਤਾਂ ਇਹ ਮਹਿੰਗਾਈ ਵਿਰੁੱਧ ਇੱਕ ਸੁਰੱਖਿਆ ਕਵਚ (Hedge) ਵਜੋਂ ਕੰਮ ਕਰਦਾ ਹੈ। ਜਦੋਂ ਵਿਆਜ ਦਰਾਂ ਘਟਦੀਆਂ ਹਨ, ਤਾਂ ਸੋਨੇ ਦੀਆਂ ਕੀਮਤਾਂ ਵਧ ਜਾਂਦੀਆਂ ਹਨ-ਜੋ ਸਿੱਧੇ ਤੌਰ 'ਤੇ ਆਰਥਿਕ ਮਜ਼ਬੂਤੀ ਦੇ ਅਨੁਪਾਤ ਵਿੱਚ ਹੁੰਦੀਆਂ ਹਨ। ਹਾਲਾਂਕਿ ਥੋੜ੍ਹੇ ਸਮੇਂ ਲਈ ਸੋਨੇ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਆ ਸਕਦਾ ਹੈ, ਪਰ ਲੰਬੇ ਸਮੇਂ ਵਿੱਚ ਇਸਦੀ ਕੀਮਤ ਹਮੇਸ਼ਾ ਮਜ਼ਬੂਤ ਰਹੀ ਹੈ।

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਕੀ ਹੈ ਭਾਅ

ਅੱਜ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਕੁਝ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਦਿੱਲੀ ਅਤੇ ਲਖਨਊ ਵਿੱਚ 24 ਕੈਰੇਟ ਸੋਨੇ ਦੀ ਕੀਮਤ 1,53,700 ਰੁਪਏ ਅਤੇ 22 ਕੈਰੇਟ ਦੀ ਕੀਮਤ 1,40,900 ਰੁਪਏ ਦਰਜ ਕੀਤੀ ਗਈ ਹੈ। ਮੁੰਬਈ, ਕੋਲਕਾਤਾ, ਬੈਂਗਲੁਰੂ ਅਤੇ ਹੈਦਰਾਬਾਦ ਵਿੱਚ 24 ਕੈਰੇਟ ਸੋਨਾ 1,53,550 ਰੁਪਏ ਅਤੇ 22 ਕੈਰੇਟ 1,40,750 ਰੁਪਏ ਵਿੱਚ ਵਿਕ ਰਿਹਾ ਹੈ। ਚੇਨਈ ਵਿੱਚ ਕੀਮਤਾਂ ਸਭ ਤੋਂ ਵੱਧ ਹਨ, ਜਿੱਥੇ 24 ਕੈਰੇਟ ਸੋਨਾ 1,55,010 ਰੁਪਏ ਤੱਕ ਪਹੁੰਚ ਗਿਆ ਹੈ। ਅਹਿਮਦਾਬਾਦ ਅਤੇ ਪਟਨਾ ਵਿੱਚ 24 ਕੈਰੇਟ ਸੋਨੇ ਦਾ ਭਾਅ 1,53,600 ਰੁਪਏ ਪ੍ਰਤੀ 10 ਗ੍ਰਾਮ ਚੱਲ ਰਿਹਾ ਹੈ।

ਦੇਸ਼ ਵਿੱਚ ਅੱਜ ਚਾਂਦੀ ਦੀਆਂ ਕੀਮਤਾਂ ਵਿੱਚ 100 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਭਾਰਤ ਵਿੱਚ ਇੱਕ ਕਿਲੋ ਚਾਂਦੀ ਦੀ ਕੀਮਤ 2,59,900 ਰੁਪਏ ਹੈ, ਜਦਕਿ ਇੱਕ ਗ੍ਰਾਮ ਚਾਂਦੀ ਦਾ ਭਾਅ 259.90 ਰੁਪਏ ਚੱਲ ਰਿਹਾ ਹੈ। ਦਿੱਲੀ, ਮੁੰਬਈ ਅਤੇ ਕੋਲਕਾਤਾ ਵਰਗੇ ਸ਼ਹਿਰਾਂ ਵਿੱਚ ਚਾਂਦੀ ਦੀ ਔਸਤ ਕੀਮਤ 2,59,900 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਦੂਜੇ ਪਾਸੇ, ਚੇਨਈ ਵਿੱਚ ਚਾਂਦੀ ਦਾ ਭਾਅ ਅੱਜ 2,69,900 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਹੈ।

ਪੰਜਾਬ 'ਚ ਸੋਨੇ-ਚਾਂਦੀ ਦੇ ਰੇਟ

ਪੰਜਾਬ ‘ਚ ਅੱਜ ਯਾਨੀਕਿ 24 ਅਪ੍ਰੈਲ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਨਾਲ ਖਰੀਦਦਾਰਾਂ ਨੂੰ ਕੁਝ ਰਾਹਤ ਮਿਲੀ ਹੈ। ਅੱਜ ਪੰਜਾਬ ਵਿੱਚ 24 ਕੈਰੇਟ ਸੋਨੇ ਦਾ ਭਾਅ ਲਗਭਗ 1,53,690 ਰੁਪਏ ਪ੍ਰਤੀ 10 ਗ੍ਰਾਮ ਚੱਲ ਰਿਹਾ ਹੈ, ਜਦਕਿ 22 ਕੈਰੇਟ ਸੋਨੇ ਦੀ ਕੀਮਤ 1,41,990 ਰੁਪਏ ਦੇ ਕਰੀਬ ਹੈ। ਚਾਂਦੀ ਦੀ ਗੱਲ ਕਰੀਏ ਤਾਂ ਅੱਜ ਇਸਦੀ ਕੀਮਤ ਵਿੱਚ ਵੀ ਕਮੀ ਆਈ ਹੈ ਅਤੇ ਇਹ 2,59,900 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਵਿਕ ਰਹੀ ਹੈ। ਕੀਮਤਾਂ ਵਿੱਚ ਆਈ ਇਹ ਨਰਮੀ ਵਿਆਹਾਂ ਦੇ ਸੀਜ਼ਨ ਦੌਰਾਨ ਗਾਹਕਾਂ ਲਈ ਇੱਕ ਚੰਗਾ ਮੌਕਾ ਸਾਬਤ ਹੋ ਸਕਦੀ ਹੈ।


© Copyright Galactic Television & Communications Pvt. Ltd. 2026. All rights reserved.