ਜਦੋਂ ਦੀ ਮਿਡਲ ਈਸਟ ਦੇ ਵਿੱਚ ਜੰਗ ਚੱਲ ਰਹੀ ਹੈ ਉਥੋਂ ਤੋਂ ਹੀ ਸੋਨੇ-ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡੀ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਕੁੱਝ ਦਿਨਾਂ ਤੋਂ ਧਾਤੂ ਦੀਆਂ ਕੀਮਤਾਂ 'ਚ ਕਮੀ ਨਜ਼ਰ ਆ ਰਹੀ ਸੀ। ਉੱਥੇ ਹੀ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਸਵੇਰ ਦੇ ਕਾਰੋਬਾਰ ਦੌਰਾਨ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। MCX 'ਤੇ ਚਾਂਦੀ ਦੀ ਕੀਮਤ ਬਾਜ਼ਾਰ ਖੁੱਲ੍ਹਦੇ ਹੀ 2,000 ਰੁਪਏ ਪ੍ਰਤੀ ਕਿਲੋ ਵਧ ਗਈ ਹੈ, ਜਦਕਿ ਸੋਨੇ ਦੀ ਕੀਮਤ ਵਿੱਚ ਵੀ 300 ਰੁਪਏ ਪ੍ਰਤੀ 10 ਗ੍ਰਾਮ ਦੀ ਤੇਜ਼ੀ ਆਈ ਹੈ। 3 ਜੁਲਾਈ ਦੀ ਡਿਲੀਵਰੀ ਵਾਲੀ ਚਾਂਦੀ, ਜੋ ਪਿਛਲੇ ਸੈਸ਼ਨ ਵਿੱਚ 2,70,628 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ ਸੀ, ਅੱਜ 2,72,603 ਰੁਪਏ 'ਤੇ ਖੁੱਲ੍ਹੀ। ਸ਼ੁਰੂਆਤੀ ਕਾਰੋਬਾਰ ਦੌਰਾਨ ਇਹ 2,000 ਰੁਪਏ ਦੀ ਤੇਜ਼ੀ ਨਾਲ 2,72,628 ਰੁਪਏ ਤੱਕ ਪਹੁੰਚ ਗਈ।
ਸਵੇਰੇ 9:25 ਵਜੇ ਚਾਂਦੀ 1,372 ਰੁਪਏ ਯਾਨੀ 0.51 ਫੀਸਦੀ ਦੀ ਤੇਜ਼ੀ ਨਾਲ 2,72,000 ਰੁਪਏ ਪ੍ਰਤੀ ਕਿਲੋ 'ਤੇ ਕਾਰੋਬਾਰ ਕਰ ਰਹੀ ਸੀ। ਇਸੇ ਤਰ੍ਹਾਂ, 5 ਜੂਨ ਦੀ ਡਿਲੀਵਰੀ ਵਾਲਾ ਸੋਨਾ ਵੀ ਮਾਮੂਲੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਪਿਛਲੇ ਸੈਸ਼ਨ ਵਿੱਚ ਸੋਨਾ 1,57,616 ਰੁਪਏ 'ਤੇ ਬੰਦ ਹੋਇਆ ਸੀ ਅਤੇ ਅੱਜ 1,57,541 ਰੁਪਏ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਦੌਰਾਨ ਇਹ 282 ਰੁਪਏ ਦੀ ਤੇਜ਼ੀ ਨਾਲ 1,57,898 ਰੁਪਏ ਤੱਕ ਪਹੁੰਚ ਗਿਆ।
ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 'ਗੁੱਡ ਰਿਟਰਨਜ਼' ਮੁਤਾਬਕ 24 ਕੈਰੇਟ ਸੋਨਾ 600 ਰੁਪਏ ਦੀ ਗਿਰਾਵਟ ਨਾਲ 1,58,290 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। 22 ਕੈਰੇਟ ਸੋਨਾ 550 ਰੁਪਏ ਘੱਟ ਕੇ 1,45,100 ਰੁਪਏ 'ਤੇ ਆ ਗਿਆ ਹੈ, ਜਦਕਿ 18 ਕੈਰੇਟ ਸੋਨਾ 450 ਰੁਪਏ ਦੀ ਗਿਰਾਵਟ ਨਾਲ 1,18,720 ਰੁਪਏ 'ਤੇ ਹੈ। ਇਸ ਦੇ ਨਾਲ ਹੀ ਚਾਂਦੀ 100 ਰੁਪਏ ਦੀ ਗਿਰਾਵਟ ਨਾਲ 2,84,900 ਰੁਪਏ 'ਤੇ ਕਾਰੋਬਾਰ ਕਰ ਰਹੀ ਹੈ।
ਅਖਿਲ ਭਾਰਤੀ ਸਰਾਫਾ ਸੰਘ ਮੁਤਾਬਕ, ਮੰਗਲਵਾਰ ਨੂੰ ਬਾਜ਼ਾਰ ਬੰਦ ਹੋਣ ਤੱਕ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਚਾਂਦੀ ਦੇ ਭਾਅ 2,000 ਰੁਪਏ ਦੇ ਵਾਧੇ ਨਾਲ 2,73,000 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਪੱਧਰ 'ਤੇ ਪਹੁੰਚ ਗਏ, ਜਦਕਿ ਇਸ ਤੋਂ ਪਿਛਲੇ ਸੈਸ਼ਨ ਵਿੱਚ ਇਹ 2,71,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਇਸ ਦੇ ਉਲਟ, 24-ਕੈਰੇਟ ਸੋਨੇ ਦੀ ਕੀਮਤ ਵਿੱਚ 2,800 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਤੋਂ ਬਾਅਦ ਇਹ 1,62,400 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) 'ਤੇ ਆ ਗਈ ਹੈ। ਦੱਸ ਦੇਈਏ ਕਿ ਸੋਮਵਾਰ ਨੂੰ ਸੋਨਾ 1,65,200 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਬੰਦ ਹੋਇਆ ਸੀ।