ਫਰਜ਼ੀ ਇਨਵੈਸਟਮੈਂਟ ਐਪਸ ਦੀ ਹੁਣ ਖ਼ੈਰ ਨਹੀਂ! SEBI ਅਤੇ ਗੂਗਲ ਨੇ ਮਿਲਾਇਆ ਹੱਥ, ਇਨਵੈਸਟਮੈਂਟ ਐਪਸ ਲਈ ਨਵੇਂ ਨਿਯਮ ਲਾਗੂ

By  Lajwinder Kaur March 26th 2026 12:06 PM -- Updated: March 26th 2026 12:25 PM

ਭਾਰਤ ਵਿੱਚ ਵਧ ਰਹੇ ਨਿਵੇਸ਼ ਧੋਖਾਧੜੀ (Investment Fraud) ਦੇ ਮਾਮਲਿਆਂ ਨੂੰ ਨੱਥ ਪਾਉਣ ਲਈ ਹੁਣ ਗੂਗਲ ਇੱਕ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਐਪ ਸਟੋਰ 'ਤੇ ਮੌਜੂਦ ਇਨਵੈਸਟਮੈਂਟ ਐਪਸ ਨੂੰ 'ਵੈਰੀਫਾਈਡ ਲੇਬਲ' (Verified Label) ਦੇਵੇਗੀ। ਇਸ ਦਾ ਮੁੱਖ ਮਕਸਦ ਇਹ ਹੈ ਕਿ ਯੂਜ਼ਰਸ ਅਸਲੀ ਅਤੇ ਫਰਜ਼ੀ ਪਲੇਟਫਾਰਮਾਂ ਵਿਚਕਾਰ ਆਸਾਨੀ ਨਾਲ ਫਰਕ ਕਰ ਸਕਣ ਅਤੇ ਆਪਣੀ ਮਿਹਨਤ ਦੀ ਕਮਾਈ ਨੂੰ ਠੱਗੀ ਤੋਂ ਬਚਾ ਸਕਣ।

ਸਿਰਫ਼ SEBI-ਰਜਿਸਟਰਡ ਐਪਸ ਨੂੰ ਹੀ ਮਿਲੇਗੀ ਵੈਰੀਫਿਕੇਸ਼ਨ

ਇਸ ਨਵੇਂ ਸਿਸਟਮ ਦੇ ਤਹਿਤ ਸਿਰਫ਼ ਉਹ ਬ੍ਰੋਕਰ ਅਤੇ ਇੰਟਰਮੀਡੀਏਰੀ (ਵਿਚੋਲੇ) ਐਪਸ ਹੀ ਵੈਰੀਫਾਈਡ ਮੰਨੇ ਜਾਣਗੇ ਜੋ ਭਾਰਤ ਦੇ ਮਾਰਕੀਟ ਰੈਗੂਲੇਟਰ SEBI (Securities and Exchange Board of India) ਕੋਲ ਰਜਿਸਟਰਡ ਹਨ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਬਿਨਾਂ ਰਜਿਸਟ੍ਰੇਸ਼ਨ ਵਾਲੇ ਜਾਂ ਸ਼ੱਕੀ ਐਪਸ ਨੂੰ ਇਹ 'ਵੈਰੀਫਾਈਡ ਟੈਗ' ਨਹੀਂ ਮਿਲੇਗਾ, ਜਿਸ ਨਾਲ ਯੂਜ਼ਰਸ (Users) ਨੂੰ ਸੁਰੱਖਿਅਤ ਨਿਵੇਸ਼ ਵਿਕਲਪਾਂ ਦੀ ਪਛਾਣ ਕਰਨ ਵਿੱਚ ਵੱਡੀ ਮਦਦ ਮਿਲੇਗੀ।

ਧੋਖਾਧੜੀ 'ਤੇ ਵੱਡਾ ਐਕਸ਼ਨ: 'ਫਿਨਫਲੂਐਂਸਰਜ਼' ਵੀ ਰਡਾਰ 'ਤੇ

ਗੂਗਲ ਅਤੇ ਸੇਬੀ (SEBI) ਦਾ ਇਹ ਕਦਮ ਅਜਿਹੇ ਸਮੇਂ ਵਿੱਚ ਆਇਆ ਹੈ, ਜਦੋਂ ਰੈਗੂਲੇਟਰ ਫਰਜ਼ੀ ਨਿਵੇਸ਼ ਸਲਾਹਕਾਰਾਂ, ਬਿਨਾਂ ਲਾਇਸੈਂਸ ਵਾਲੇ ਪਲੇਟਫਾਰਮਾਂ ਅਤੇ ਸੋਸ਼ਲ ਮੀਡੀਆ 'ਤੇ ਨਿਵੇਸ਼ ਦੀ ਸਲਾਹ ਦੇਣ ਵਾਲੇ 'ਫਿਨਫਲੂਐਂਸਰਜ਼' (Finfluencers) 'ਤੇ ਸਖ਼ਤੀ ਵਧਾ ਰਿਹਾ ਹੈ। ਸਰਕਾਰ ਅਤੇ ਰੈਗੂਲੇਟਰਾਂ ਦਾ ਮੁੱਖ ਫੋਕਸ ਨਿਵੇਸ਼ ਦੇ ਨਾਂ 'ਤੇ ਹੋ ਰਹੇ ਸਕੈਮਾਂ (Scams) ਨੂੰ ਰੋਕਣਾ ਹੈ।

600 ਤੋਂ ਵੱਧ ਐਪਸ ਨੂੰ ਮਿਲਿਆ ਸ਼ੁਰੂਆਤੀ ਟੈਗ

ਗੂਗਲ ਦੇ ਮੁਤਾਬਕ, ਭਾਰਤ ਵਿੱਚ ਕਰੀਬ 600 ਫਾਈਨੈਂਸ਼ੀਅਲ ਸਰਵਿਸ ਐਪਸ ਨੂੰ ਪਹਿਲਾਂ ਹੀ 'ਵੈਰੀਫਾਈਡ ਲੇਬਲ' ਦੇ ਕੇ ਇਨਵੈਸਟਮੈਂਟ ਐਪਸ 'ਤੇ ਸਖ਼ਤੀ ਕੀਤੀ ਜਾ ਚੁੱਕੀ ਹੈ। SEBI ਦੇ ਇਸ ਐਕਸ਼ਨ ਤੋਂ ਬਾਅਦ ਹੁਣ ਗੂਗਲ 'ਤੇ ਵੈਰੀਫਾਈਡ ਟੈਗ ਤੋਂ ਬਚੇ ਹੋਏ ਫਿਨਫਲੂਐਂਸਰਜ਼ (Finfluencers) ਵੀ ਰਡਾਰ 'ਤੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਕਦਮ ਦਾ ਮੁੱਖ ਮਕਸਦ ਇੱਕ ਅਜਿਹਾ ਡਿਜੀਟਲ ਈਕੋਸਿਸਟਮ ਤਿਆਰ ਕਰਨਾ ਹੈ ਜਿੱਥੇ ਯੂਜ਼ਰਸ ਪੂਰੇ ਭਰੋਸੇ ਨਾਲ ਨਿਵੇਸ਼ ਕਰ ਸਕਣ।

ਫਰਜ਼ੀ ਐਪਸ ਲਈ ਨਕਲ ਕਰਨਾ ਹੋਵੇਗਾ ਮੁਸ਼ਕਲ

SEBI ਦੇ ਮੁਤਾਬਕ, ਵੈਰੀਫਾਈਡ ਬੈਜ (Verified Badge) ਮਿਲਣ ਨਾਲ ਅਸਲੀ ਫਾਈਨੈਂਸ਼ੀਅਲ ਐਪਸ ਦੀ ਨਕਲ ਕਰਨਾ ਕਾਫੀ ਮੁਸ਼ਕਲ ਹੋ ਜਾਵੇਗਾ। ਇਸ ਨਾਲ ਯੂਜ਼ਰਸ ਨੂੰ ਵੀ ਇਹ ਸਮਝਣ ਵਿੱਚ ਆਸਾਨੀ ਹੋਵੇਗੀ ਕਿ ਕਿਹੜੀ ਐਪ ਭਰੋਸੇਮੰਦ ਹੈ ਅਤੇ ਕਿਹੜੀ ਨਹੀਂ। SEBI ਨੇ ਇਹ ਵੀ ਸੰਕੇਤ ਦਿੱਤਾ ਹੈ ਕਿ Google ਅਤੇ Meta ਵਰਗੇ ਪਲੇਟਫਾਰਮਾਂ ਨਾਲ ਮਿਲ ਕੇ ਬਿਨਾਂ ਰਜਿਸਟ੍ਰੇਸ਼ਨ ਵਾਲੇ ਵਿੱਤੀ ਇਸ਼ਤਿਹਾਰਾਂ ਨੂੰ ਰੋਕਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲੇ (MeitY) ਨਾਲ ਵੀ ਤਾਲਮੇਲ ਵਧਾਇਆ ਜਾਵੇਗਾ ਤਾਂ ਜੋ ਆਨਲਾਈਨ ਧੋਖਾਧੜੀ 'ਤੇ ਕਰੜੀ ਨਜ਼ਰ ਰੱਖੀ ਜਾ ਸਕੇ।

© Copyright Galactic Television & Communications Pvt. Ltd. 2026. All rights reserved.