ਪੰਜਾਬ ‘ਚ ਸਖ਼ਤ ਪਾਬੰਦੀਆਂ, ਰਾਤ 10 ਵਜੇ ਤੋਂ ਬਾਅਦ DJ, ਰੈਸਟੋਰੈਂਟ-ਕਲੱਬ 12 ਵਜੇ ਤੱਕ ਕਰਨੇ ਪੈਣੇ ਬੰਦ, ਉਲੰਘਣਾ ਕਰਨ ਵਾਲਿਆਂ ‘ਤੇ ਹੋਏਗਾ ਐਕਸ਼ਨ
ਅੰਮ੍ਰਿਤਸਰ ਪੁਲਿਸ ਨੇ ਅਮਨ-ਕਾਨੂੰਨ ਬਣਾਈ ਰੱਖਣ ਲਈ ਤਿੰਨ ਸਖ਼ਤ ਹੁਕਮ ਜਾਰੀ ਕੀਤੇ ਹਨ। ਰਾਤ 12 ਵਜੇ ਤੋਂ ਬਾਅਦ ਰੈਸਟੋਰੈਂਟਾਂ ਅਤੇ ਢਾਬਿਆਂ ਵਿੱਚ ਖਾਣਾ ਪਰੋਸਣ ’ਤੇ ਪਾਬੰਦੀ ਹੋਵੇਗੀ। ਵਿਆਹਾਂ ਅਤੇ ਮੈਰਿਜ ਪੈਲੇਸਾਂ ਵਿੱਚ DJ ਤੇ ਸੰਗੀਤ ਰਾਤ 10 ਵਜੇ ਤੋਂ ਬਾਅਦ ਨਹੀਂ ਚੱਲੇਗਾ ਅਤੇ ਸ਼ੋਰ ਦੀ ਹੱਦ ਦਾ ਪਾਲਣ ਕਰਨਾ ਪਵੇਗਾ।
ਅੰਮ੍ਰਿਤਸਰ ‘ਚ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਰੱਖਣ ਅਤੇ ਅਪਰਾਧਾਂ 'ਤੇ ਨੱਥ ਪਾਉਣ ਲਈ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਤਿੰਨ ਅਹਿਮ ਅਤੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਡੀ.ਸੀ.ਪੀ. ਹੈੱਡਕੁਆਰਟਰ ਆਕਰਸ਼ੀ ਜੈਨ (Akarshi Jain, DCP HQ) ਦੀ ਅਗਵਾਈ ਹੇਠ ਇਹ ਹੁਕਮ ਜਨਤਕ ਕੀਤੇ ਗਏ ਹਨ, ਜਿਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਵੱਲੋਂ ਜਾਰੀ ਕੀਤੇ ਗਏ ਤਿੰਨ ਮੁੱਖ ਹੁਕਮ
ਰਾਤ 12 ਵਜੇ ਤੋਂ ਬਾਅਦ ਰੈਸਟੋਰੈਂਟਾਂ ਵਿੱਚ ਖਾਣਾ ਪਰੋਸਣ 'ਤੇ ਪਾਬੰਦੀ
ਪੁਲਿਸ ਦੇ ਨਵੇਂ ਹੁਕਮਾਂ ਅਨੁਸਾਰ ਸ਼ਹਿਰ ਦੇ ਕਿਸੇ ਵੀ ਰੈਸਟੋਰੈਂਟ, ਢਾਬੇ ਜਾਂ ਖਾਣ-ਪੀਣ ਵਾਲੇ ਅੱਡੇ ਵਿੱਚ ਰਾਤ 12 ਵਜੇ ਤੋਂ ਬਾਅਦ ਗਾਹਕਾਂ ਨੂੰ ਖਾਣਾ ਨਹੀਂ ਪਰੋਸਿਆ ਜਾਵੇਗਾ। ਨਿਰਧਾਰਤ ਸਮੇਂ ਤੋਂ ਬਾਅਦ ਕਾਰੋਬਾਰੀ ਅਦਾਰੇ ਬੰਦ ਕਰਨੇ ਪੈਣਗੇ।
ਵਿਆਹ-ਸ਼ਾਦੀਆਂ ਅਤੇ ਮੈਰਿਜ ਪੈਲੇਸਾਂ ਵਿੱਚ ਨੋਇਸ ਪੋਲੂਸ਼ਨ ਦੇ ਨਿਯਮ
ਹੁਣ ਵਿਆਹ-ਸ਼ਾਦੀਆਂ ਜਾਂ ਮੈਰਿਜ ਪੈਲੇਸਾਂ ਵਿੱਚ ਪ੍ਰੋਗਰਾਮ ਦੌਰਾਨ ਆਵਾਜ਼ ਪ੍ਰਦੂਸ਼ਣ (Noise Pollution) ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ। ਡੀਜੇ, ਲਾਈਵ ਆਰਕੈਸਟਰਾ ਅਤੇ ਹੋਰ ਸੰਗੀਤ ਪ੍ਰਣਾਲੀਆਂ ਨੂੰ ਰਾਤ 10 ਵਜੇ ਤੱਕ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦੀ ਆਵਾਜ਼ ਇੰਨੀ ਘੱਟ ਰੱਖਣੀ ਚਾਹੀਦੀ ਹੈ ਕਿ ਉਹ ਇਮਾਰਤ ਦੇ ਬਾਹਰ ਨਾ ਸੁਣ ਸਕਣ। ਵਾਹਨਾਂ ਵਿੱਚ ਲਗਾਏ ਗਏ ਸੰਗੀਤ ਦੀ ਆਵਾਜ਼ ਵੀ ਵਾਹਨ ਦੇ ਬਾਹਰ ਵੀ ਨਹੀਂ ਆਉਣਦੀ ਚਾਹੀਦੀ।
ਭਾਰਤ ਦੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ, ਕਿਸੇ ਵੀ ਸਰੋਤ ਤੋਂ ਨਿਕਲਣ ਵਾਲਾ ਸ਼ੋਰ ਉਸ ਖੇਤਰ ਲਈ ਨਿਰਧਾਰਤ ਸ਼ੋਰ ਮਾਪਦੰਡਾਂ ਤੋਂ 10 dB(A) ਜਾਂ 75 dB(A), ਜੋ ਵੀ ਘੱਟ ਹੋਵੇ, ਤੋਂ ਵੱਧ ਨਹੀਂ ਹੋਣਾ ਚਾਹੀਦਾ। ਸਾਰੀਆਂ ਸੰਸਥਾਵਾਂ ਨੂੰ ਇਨ੍ਹਾਂ ਮਿਆਰਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ।
ਗੱਡੀਆਂ 'ਚ ਤੇਜ਼ਧਾਰ ਹਥਿਆਰਾਂ ਅਤੇ ਬੇਸਬਾਲ ਆਦਿ ਰੱਖਣ 'ਤੇ ਰੋਕ
ਤੀਜਾ ਅਹਿਮ ਹੁਕਮ ਵਾਹਨ ਚਾਲਕਾਂ ਲਈ ਹੈ। ਹੁਣ ਸਫ਼ਰ ਦੌਰਾਨ ਕਿਸੇ ਵੀ ਗੱਡੀ ਵਿੱਚ ਤੇਜ਼ਧਾਰ ਹਥਿਆਰ, ਬੇਸਬਾਲ ਬੈਟ ਜਾਂ ਅਜਿਹੀਆਂ ਹੋਰ ਵਸਤੂਆਂ ਰੱਖਣ ਦੀ ਮਨਾਹੀ ਹੋਵੇਗੀ, ਜੋ ਕਿ ਹਿੰਸਾ ਜਾਂ ਡਰ ਦਾ ਕਾਰਨ ਬਣ ਸਕਦੀਆਂ ਹਨ।
ਨਿਯਮ ਤੋੜਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
ਡੀ.ਸੀ.ਪੀ. ਹੈੱਡਕੁਆਰਟਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਸੰਸਥਾ ਇਨ੍ਹਾਂ ਤਿੰਨਾਂ ਹੁਕਮਾਂ ਵਿੱਚੋਂ ਕਿਸੇ ਇੱਕ ਦੀ ਵੀ ਉਲੰਘਣਾ ਕਰਦਾ ਹੋਇਆ ਫੜਿਆ ਗਿਆ, ਤਾਂ ਪੁਲਿਸ ਵੱਲੋਂ ਬਿਨਾਂ ਕਿਸੇ ਲਿਹਾਜ਼ ਦੇ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇਗੀ। ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।