ਦਿਨ-ਦਿਹਾੜੇ ਮਹਿਲਾ ਸਰਪੰਚ ਨਾਲ ਵਾਰਦਾਤ; ਕੰਨਾਂ ਤੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਬਾਈਕ ਸਵਾਰ ਬਦਮਾਸ਼ ਫ਼ਰਾਰ, CCTV 'ਚ ਕੈਦ ਹੋਈ ਪੂਰੀ ਘਟਨਾ...
ਪਿੰਡ ਸੈਦੋਲੇਹਲ ਦੀ ਗਲੀ 'ਚ ਉਸ ਸਮੇਂ ਚੀਕ-ਚਿਹਾੜਾ ਪੈ ਗਿਆ ਜਦੋਂ ਬਦਮਾਸ਼ਾਂ ਨੇ ਪਿੰਡ ਦੀ ਮਹਿਲਾ ਸਰਪੰਚ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਲਿਆ। ਬਾਈਕ 'ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਮਹਿਲਾ ਸਰਪੰਚ ਦੀਆਂ ਕੰਨਾਂ 'ਚ ਪਾਈਆਂ ਵਾਲੀਆਂ ਨੂੰ ਝਪਟ ਮਾਰ ਖਿੱਚ ਲਈਆਂ ਤੇ ਫਿਰ ਮੌਕੇ ਤੋਂ ਭੱਜ ਗਏ।
ਪੰਜਾਬ ਦੇ ਅੰਮ੍ਰਿਤਸਰ ਅਧੀਨ ਪੈਂਦੇ ਪਿੰਡ ਸੈਦੋਲੇਹਲ ਵਿੱਚ ਦਿਨ-ਦਿਹਾੜੇ ਬੇਖ਼ੌਫ਼ ਬਦਮਾਸ਼ਾਂ ਵੱਲੋਂ ਇੱਕ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਿੰਡ ਦੀ ਮੌਜੂਦਾ ਮਹਿਲਾ ਸਰਪੰਚ ਅਮਰਜੀਤ ਕੌਰ ਦੇ ਕੰਨਾਂ ਤੋਂ ਅਣਪਛਾਤੇ ਬਾਈਕ ਸਵਾਰ ਲੁਟੇਰੇ ਸੋਨੇ ਦੀਆਂ ਵਾਲੀਆਂ ਝਪਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜੋ ਨੇੜੇ ਲੱਗੇ ਕੈਮਰੇ ਵਿੱਚ ਕੈਦ ਹੋ ਗਈ ਹੈ।
ਘਰ ਦੇ ਬਾਹਰ ਬੁਲਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਪੀੜਤ ਮਹਿਲਾ ਸਰਪੰਚ ਅਮਰਜੀਤ ਕੌਰ ਨੇ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਘਰ ਦੇ ਅੰਦਰ ਮੌਜੂਦ ਸਨ ਅਤੇ ਉਨ੍ਹਾਂ ਦੀ ਪੋਤੀ ਬਾਹਰ ਐਕਟਿਵਾ ਸਾਫ਼ ਕਰ ਰਹੀ ਸੀ। ਇਸ ਦੌਰਾਨ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਨੌਜਵਾਨ ਉੱਥੇ ਆਏ ਅਤੇ ਉਨ੍ਹਾਂ ਦੀ ਪੋਤੀ ਨੂੰ ਸਰਪੰਚ ਨੂੰ ਬਾਹਰ ਬੁਲਾਉਣ ਲਈ ਕਿਹਾ।
ਜਿਵੇਂ ਹੀ ਅਮਰਜੀਤ ਕੌਰ ਬਾਹਰ ਆਏ ਤਾਂ ਮੁਲਜ਼ਮਾਂ ਨੇ ਕਿਸੇ ਦਾ ਘਰ ਪੁੱਛਣ ਅਤੇ ਮੁਰਗਿਆਂ ਸਬੰਧੀ ਗੱਲਬਾਤ ਕਰਨ ਦੇ ਬਹਾਨੇ ਉਨ੍ਹਾਂ ਨੂੰ ਗੱਲਾਂ ਵਿੱਚ ਉਲਝਾ ਲਿਆ। ਗੱਲਾਂ-ਗੱਲਾਂ ਵਿੱਚ ਹੀ ਇੱਕ ਨੌਜਵਾਨ ਨੇ ਅਚਾਨਕ ਝਪਟਾ ਮਾਰ ਕੇ ਉਨ੍ਹਾਂ ਦੇ ਕੰਨਾਂ ਤੋਂ ਸੋਨੇ ਦੀਆਂ ਵਾਲੀਆਂ ਨੋਚ ਲਈਆਂ।
ਰੋਕਣ ਦੀ ਕੋਸ਼ਿਸ਼ ਦੌਰਾਨ ਸੜਕ 'ਤੇ ਡਿੱਗੇ ਪੀੜਤਾ
ਵਾਰਦਾਤ ਤੋਂ ਬਾਅਦ ਜਦੋਂ ਸਰਪੰਚ ਅਮਰਜੀਤ ਕੌਰ ਨੇ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਤਾਂ ਖਿੱਚ-ਧੂਹ ਅਤੇ ਧੱਕਾ-ਮੁੱਕੀ ਦੌਰਾਨ ਉਹ ਸੜਕ 'ਤੇ ਡਿੱਗ ਪਏ। ਇਸ ਦਾ ਫ਼ਾਇਦਾ ਉਠਾਉਂਦੋਂ ਹੋਏ ਦੋਵੇਂ ਬਦਮਾਸ਼ ਤੇਜ਼ੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਪੁਲਿਸ ਨੇ ਮਾਮਲਾ ਕੀਤਾ ਦਰਜ, ਜਾਂਚ ਜਾਰੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕੇ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਅਤੇ ਰੋਸ ਪਾਇਆ ਜਾ ਰਿਹਾ ਹੈ।