'ਕਾਕਰੋਚ ਜਨਤਾ ਪਾਰਟੀ' ਦੀ ਪੰਜਾਬ 'ਚ ਐਂਟਰੀ: ਭਲਕੇ ਅੰਮ੍ਰਿਤਸਰ ਪਹੁੰਚਣਗੇ ਸੰਸਥਾਪਕ ਦੀਪਕੇ, ਕੇਂਦਰ ਖ਼ਿਲਾਫ਼ ਕਰਨਗੇ ਪ੍ਰਦਰਸ਼ਨ

By:  Lajwinder Kaur June 12th 2026 05:06 PM -- Updated: June 12th 2026 05:16 PM

ਦਿੱਲੀ ਤੋਂ ਬਾਅਦ ਹੁਣ 'ਕਾਕਰੋਚ ਜਨਤਾ ਪਾਰਟੀ' ਪੰਜਾਬ ਵਿੱਚ ਵੀ ਆਪਣੀ ਐਂਟਰੀ ਕਰਨ ਜਾ ਰਹੀ ਹੈ। ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ 13 ਜੂਨ ਨੂੰ ਅੰਮ੍ਰਿਤਸਰ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਪਕੇ ਨੇ ਦੱਸਿਆ ਕਿ ਉਹ ਖੁਦ ਪੰਜਾਬ ਆ ਰਹੇ ਹਨ ਅਤੇ ਅੰਮ੍ਰਿਤਸਰ ਵਿੱਚ ਇੱਕ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਵੇਗਾ।

ਅਭਿਜੀਤ ਦੀਪਕੇ ਨੇ ਵੀਡੀਓ ਪੋਸਟ ਕਰਕੇ ਲੋਕਾਂ ਤੋਂ ਮੰਗਿਆ ਸਾਥ

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇੱਕ ਪੋਸਟ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕੀਤੀ। ਪੋਸਟ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ "ਸਤਿ ਸ੍ਰੀ ਅਕਾਲ" ਕਹਿ ਕੇ ਪੰਜਾਬੀਆਂ ਨੂੰ ਸੰਬੋਧਨ ਕੀਤਾ। ਦੀਪਕੇ ਨੇ ਦੱਸਿਆ ਕਿ ਉਹ 13 ਜੂਨ ਨੂੰ ਸ਼ਾਮ 4 ਵਜੇ ਅੰਮ੍ਰਿਤਸਰ ਪਹੁੰਚਣਗੇ। ਉਨ੍ਹਾਂ ਨੇ ਪੰਜਾਬ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਅੰਮ੍ਰਿਤਸਰ ਦੇ ਮੁੱਖ ਗੇਟ 'ਤੇ ਇਕੱਠੇ ਹੋਣ।

ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ

ਇਸ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਇੱਕ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਵੇਗਾ। ਅਭਿਜੀਤ ਦੀਪਕੇ ਨੇ ਕਿਹਾ ਕਿ ਜੇਕਰ ਸਾਰੇ ਵਿਦਿਆਰਥੀ ਰਲ ਕੇ ਆਪਣੀ ਆਵਾਜ਼ ਬੁਲੰਦ ਕਰਨ, ਤਾਂ NEET ਅਤੇ CBSE ਦੇ ਵਿਦਿਆਰਥੀਆਂ ਨੂੰ ਨਿਆਂ ਮਿਲ ਸਕਦਾ ਹੈ।

ਲਖਨਊ ਵਿੱਚ ਪਾਰਟੀ ਦਾ ਤੀਜਾ ਵੱਡਾ ਪ੍ਰਦਰਸ਼ਨ

'ਕਾਕਰੋਚ ਜਨਤਾ ਪਾਰਟੀ' (CJP) ਹੁਣ ਤੱਕ ਦੇਸ਼ ਦੇ ਦੋ ਵੱਡੇ ਸ਼ਹਿਰਾਂ, ਨਵੀਂ ਦਿੱਲੀ ਅਤੇ ਪੁਣੇ ਵਿੱਚ NEET ਪ੍ਰੀਖਿਆ ਦੇ ਪੇਪਰ ਲੀਕ ਹੋਣ ਦੇ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰ ਚੁੱਕੀ ਹੈ। ਇਸੇ ਲੜੀ ਤਹਿਤ 12 ਜੂਨ ਨੂੰ ਲਖਨਊ ਵਿੱਚ ਪਾਰਟੀ ਵੱਲੋਂ ਆਪਣਾ ਤੀਜਾ ਵੱਡਾ ਪ੍ਰਦਰਸ਼ਨ ਆਯੋਜਿਤ ਕੀਤਾ ਗਿਆ। ਪਾਰਟੀ ਦੀ ਯੋਜਨਾ ਦੇਸ਼ ਦੇ ਕੁੱਲ ਸੱਤ ਰਾਜਾਂ ਵਿੱਚ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਕਰਨ ਦੀ ਹੈ।

ਵਿਰੋਧ ਪ੍ਰਦਰਸ਼ਨ ਦਾ ਰੋਡਮੈਪ ਤਿਆਰ

ਲਖਨਊ ਤੋਂ ਬਾਅਦ ਹੁਣ ਅੰਮ੍ਰਿਤਸਰ (ਪੰਜਾਬ), ਜੈਪੁਰ (ਰਾਜਸਥਾਨ), ਬੈਂਗਲੁਰੂ (ਕਰਨਾਟਕ) ਅਤੇ ਹੈਦਰਾਬਾਦ (ਤੇਲੰਗਾਨਾ) ਵਿੱਚ ਵੀ ਵਿਰੋਧ ਪ੍ਰਦਰਸ਼ਨਾਂ ਲਈ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ। ਪਾਰਟੀ ਦਾ ਕਹਿਣਾ ਹੈ ਕਿ ਉਹ NEET ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਵਿਦਿਆਰਥੀਆਂ ਨੂੰ ਇਨਸਾਫ਼ ਦਿਵਾਉਣ ਦੇ ਮੁੱਦੇ ਨੂੰ ਰਾਸ਼ਟਰੀ ਪੱਧਰ 'ਤੇ ਜ਼ੋਰ-ਸ਼ੋਰ ਨਾਲ ਉਠਾਏਗੀ।

© Copyright Galactic Television & Communications Pvt. Ltd. 2026. All rights reserved.